ਲੀਡ : ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ, ਜ਼ਿਲ੍ਹੇ ਦੀਆ ਮੰਡੀਆਂ ’ਚ 385 ਮੀਟ੍ਰਿਕ ਟਨ ਝੋਨੇ ਆਮਦ, 114 ਦੀ ਹੋਈ ਖ਼ਰੀਦ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ,ਜ਼ਿਲ੍ਹੇ ਦੀਆ ਮੰਡੀਆਂ ਵਿਚ 385 ਮੀਟਰਕ ਟਨ ਝੋਨੇ ਆਮਦ 114 ਦੀ ਹੋਈ ਖਰੀਦ
Publish Date: Thu, 01 Oct 2026 08:10 PM (IST)
Updated Date: Thu, 01 Oct 2026 08:13 PM (IST)
ਵਿਧਾਇਕ ਦਿਨੇਸ਼ ਚੱਢਾ ਨੇ ਰੂਪਨਗਰ ਅਨਾਜ ਮੰਡੀ ਪਹੁੰਚ ਕੇ ਸ਼ੁਰੂ ਕਰਵਾਈ ਖ਼ਰੀਦ। ਸਰਕਾਰ ਵੱਲੋਂ 1 ਲੱਖ 90 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਗਿਆ। ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ: ਵੀਰਵਾਰ ਨੂੰ ਜ਼ਿਲ੍ਹੇ ਦੀਆ ਮੰਡੀਆਂ ’ਚ ਸਰਕਾਰੀ ਖ਼ਰੀਦ ਸ਼ੁਰੂ ਹੋਣ ਨਾਲ ਪਹਿਲੇ ਦਿਨ ਮੰਡੀਆਂ ’ਚ ਪਹੁੰਚੇ 395 ਮੀਟ੍ਰਿਕ ਝੋਨੇ ’ਚੋਂ 114 ਮੀਟ੍ਰਿਕ ਟਨ ਦੀ ਸਰਕਾਰੀਆਂ ਏਜੰਸੀਆਂ ਨੇ ਖ਼ਰੀਦ ਕੀਤੀ। ਰੂਪਨਗਰ ਅਨਾਜ ਮੰਡੀ ’ਚ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਖ਼ਰੀਦ ਸ਼ੁਰੂ ਕਰਵਾਈ ਤੇ ਆੜ੍ਹਤੀਆ ਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਮੰਡੀ ਬੋਰਡ ਦਾ ਦਾਅਵਾ ਹੈ ਕਿ ਜ਼ਿਲ੍ਹੇ ਦੀਆ 24 ਮੰਡੀਆਂ ’ਚ ਸਰਕਾਰੀ ਪ੍ਰਬੰਧਕ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਹਲਕਾ ਵਿਧਾਇਕ ਚੱਢਾ ਨੇ ਕਿਹਾਕਿ ਪੰਜਾਬ ਸਰਕਾਰ ਕਿਸਾਨਾਂ ਦੇ ਪਸੀਨੇ ਨਾਲ ਪਾਲੀ ਫ਼ਸਲ ਦਾ ਇਕ-ਇਕ ਦਾਣਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ’ਚ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਪੀਣ ਵਾਲੇ ਪਾਣੀ, ਬਿਜਲੀ, ਬੈਠਣ ਤੇ ਬਾਰਦਾਨੇ ਆਦਿ ਦੀ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਡੀਐੱਮਓ ਸੁਰਿੰਦਰਪਾਲ, ਸੈਕਟਰੀ ਰਾਵਿੰਦਰ ਸ਼ਰਮਾ, ਰਘਬੀਰ ਸਿੰਘ ਸੀਨੀਅਰ ਸਹਾਇਕ, ਕਲਰਕ ਮਨਜੀਤ ਸ਼ਰਮਾ, ਪ੍ਰਧਾਨ ਤੇ ਕੌਸਲਰ ਅਵਤਾਰ ਸਿੰਘ, ਚੇਅਰਮੈਨ ਮਲਕੀਤ ਸਿੰਘ ਭੰਗੂ, ਨਿਰਮਲ ਸਿੰਘ, ਸੁਤੰਤਰ ਕੌਸਲ, ਬੰਟੀ, ਗਿੱਲ, ਕੁਲਦੀਪ ਸਿੰਘ ਆਦਿ ਹਾਜ਼ਰ ਸਨ। =============== ਕਿਹੜੀ ਮੰਡੀ ’ਚ ਕਿਹੜੀ ਏਜੰਸੀ ਖ਼ਰੀਦੇਗੀ ਝੋਨਾ ਵਿਭਾਗੀ ਜਾਣਕਾਰੀ ਅਨਸਾਰ ਅਨਾਜ ਮੰਡੀ ਰੂਪਨਗਰ ’ਚ ਪਨਗਰੇਨ, ਮਾਰਕਫੈੱਡ, ਪਨਸਪ, ਮੋਰਿੰਡਾ ’ਚ ਵੇਅਰਹਾਊਸ, ਮਾਰਕਫੈੱਡ, ਪਨਸਪ, ਪਨਗਰੇਨ, ਸ੍ਰੀ ਚਮਕੌਰ ਸਾਹਿਬ ’ਚ ਐੱਫਸੀਆਈ, ਪਨਗ੍ਰੇਨ, ਮਾਰਕਫੈੱਡ, ਪਨਸਪ ਤੇ ਵੇਅਰਹਾਊਸ, ਬੇਲਾ ’ਚ ਪਨਸਪ, ਐੱਫਸੀਆਈ, ਪਨਗਰੇਨ ਤੇ ਮਾਰਕਫੈੱਡ, ਭਾਗੋਮਾਜਰਾ ਤੇ ਬਸੀ ਗੁੱਜਰਾ ’ਚ ਪਨਗਰੇਨ ਤੇ ਪਨਸਪ, ਭਰਤਗੜ੍ਹ, ਘਨੌਲੀ ਤੇ ਗੱਗੋ ’ਚ ਐੱਫਸੀਆਈ ਤੇ ਪਨਗਰੇਨ, ਰਸੂਲਪੁਰ ਤੇ ਰੋਲੂਮਾਜਰਾ ’ਚ ਪਨਸਪ ਤੇ ਮਾਰਕਫੈੱਡ, ਡੂਮੇਵਾਲ, ਸੁੱਖੇਮਾਜਰਾ, ਅਗੰਮਪੁਰ, ਤਖ਼ਤਗੜ੍ਹ ’ਚ ਪਨਗਰੇਨ ਤੇ ਮਾਰਕਫੈੱਡ ਜਦਕਿ ਨੰਗਲ ’ਚ ਐੱਫਸੀਆਈ ਤੇ ਮਾਰਕਫੈੱਡ ਖ਼ਰੀਦ ਕਰੇਗੀ। ਇਸੇ ਤਰ੍ਹਾਂ ਕਈ ਮੰਡੀਆਂ ’ਚ ਇੱਕਲੇ ਤੌਰ ’ਤੇ ਵੀ ਖ਼ਰੀਦ ਏਜੰਸੀਆਂ ਖ਼ਰੀਦ ਕਰਨਗੀਆਂ ਜਿਸ ਵਿਚ ਅਜੋਲੀ ਮੰਡੀ ’ਚ ਐੱਫਸੀਆਈ, ਹਫ਼ਿਸਾਬਾਦ ਤੇ ਸੂਰੇਵਾਲ ਪਨਗਰੇਨ, ਮਾਰਕਫੈੱਡ, ਕੀਰਤਪੁਰ ਸਾਹਿਬ, ਅਬਿਆਣਾ, ਨੂਰਪੁਰਬੇਦੀ, ਚੱਕਲਾਂ ਤੇ ਪੁਰਖਾਲੀ ਮੰਡੀ ’ਚ ਪਨਸਪ ਖ਼ਰੀਦ ਕਰੇਗੀ। =============== ਕਿਸਾਨ ਸੁੱਕਾ ਝੋਨਾ ਹੀ ਮੰਡੀ ’ਚ ਲਿਆਉਣ: ਡੀਐੱਫਐੱਸਸੀ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਡਾ. ਕਿੰਮੀ ਵਨੀਤ ਕੌਰ ਸੇਠੀ ਨੇ ਕਿਹਾਕਿ ਕਿ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ, ਸਰਕਾਰ ਨੇ 1 ਲੱਖ 90 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਸਾਨਾਂ ਨੂੰ ਮੰਡੀ ’ਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਨਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ, ਇਸ ਨਾਲ ਫ਼ਸਲ ਦਾ ਝਾੜ ਵੀ ਵੱਧਦਾ ਹੈ ਅਤੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ। ============ ਮੰਡੀਆ ’ਚ ਪ੍ਰਬੰਧ ਮੁਕੰਮਲ: ਡੀਐੱਮਓ ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਨੇ ਕਿਹਾਕਿ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ ਜਿਸ ਦੇ ਲਈ ਜ਼ਿਲ੍ਹੇ ਦੀਆ 24 ਮੰਡੀਆਂ ’ਚ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾਕਿ ਕਿਸਾਨ ਮੰਡੀ ’ਚ ਝੋਨੇ ਸੁੱਕਾ ਲੈਕੇ ਆਉਣ ਤਾਂ ਕਿ ਖ਼ਰੀਦ ਸਮੇਂ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਆੜ੍ਹਤੀਆ ਨੂੰ ਹਦਾਇਤ ਕੀਤੀ ਕਿ ਉਹ ਖ਼ਰੀਦ ਲਈ ਆਪਣੇ ਸਾਰੇ ਪ੍ਰਬੰਧ ਤੇ ਭਾਰ ਤੋਲ ਕੰਡੇ ਵੀ ਠੀਕ ਰੱਖਣ। ਜੇਕਰ ਕੋਈ ਤੋਲ ’ਚ ਫ਼ਰਕ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ।