ਕਾਰਪੇਟ ਵਰਡ ਵਾਲਿਆਂ ਦੇ ਗੁਦਾਮ ਨੂੰ ਲੱਗੀ ਅੱਗ, ਕਰੋੜ ਤੋਂ ਵੱਧ ਦਾ ਸਾਮਾਨ ਸੜ ਕੇ ਸੁਆਹ ਕਾਰਪੇਟ ਵਰਡ ਵਾਲਿਆਂ ਦੇ ਗੋਦਾਮ ਨੂੰ ਲੱਗੀ ਅੱਗ,ਕਰੋੜ ਤੋਂ ਵੱਧ ਦਾ ਸਮਾਨ ਸੜ੍ਹ ਕੇ ਹੋਇਆ ਰਾਖ
Publish Date: Fri, 23 Oct 2026 05:53 PM (IST)
Updated Date: Fri, 23 Oct 2026 05:54 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸ਼ੁੱਕਰਵਾਰ ਤੜਕੇ ਦੋ ਵਜੇ ਕਾਰਪੇਟ ਵਰਡ ਵਾਲਿਆਂ ਦੇ ਸ਼੍ਰੀ ਖਾਟੂ ਸ਼ਾਮ ਮੰਦਰ ਤੇ ਬੀਬੀ ਦੀ ਹਵੇਲੀ ਮੰਦਰ ਨੇੜੇ ਬਣੇ ਗੁਦਾਮ ਨੂੰ ਅਚਾਨਕ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਰੀਬ 10 ਘੰਟੇ ਦੀ ਭਾਰੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਵੇਰੇ ਢਾਈ ਵਜੇ ਫੋਨ ’ਤੇ ਪਤਾ ਲੱਗਿਆ ਤਾਂ ਆ ਕੇ ਵੇਖਿਆ ਕਿ ਅੱਗ ਦੇ ਭਾਬੜ ਮਚ ਰਹੇ ਸਨ। ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਟੀਮਾਂ ਨੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਗੁਦਾਮ ਵਿਚ ਪਹਿਲਾਂ ਹੀ ਸਾਮਾਨ ਪਿਆ ਸੀ, ਹੁਣ ਦੀਵਾਲੀ ਦੇ ਸੀਜ਼ਨ ਕਰ ਕੇ ਹੋਰ ਕਾਫੀ ਸਾਮਾਨ ਮੰਗਵਾਇਆ ਗਿਆ ਸੀ, ਜਿਸ ਦੀ ਕੀਮਤ ਕਰੋੜਾਂ ਰੁਪਏ ਵਿਚ ਹੈ। ਉਨ੍ਹਾਂ ਦੱਸਿਆ ਕਿ ਅੱਗ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੀ ਲੱਗ ਰਿਹਾ ਹੈ। ਅੱਗ ਦੀ ਲਪੇਟ ਵਿਚ ਦਰੀਆਂ, ਮੈਟਾਂ ਅਤੇ ਸਮਾਗਮਾਂ ਵਿਚ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਆ ਗਿਆ। ਇਸ ਘਟਨਾ ਕਾਰਨ ਵਪਾਰੀ ਨੂੰ ਇੱਕ ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮੰਗਵਾਇਆ ਗਿਆ ਨਵਾਂ ਸਾਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ, ਐੱਸਡੀਐੱਮ ਜਸਪ੍ਰੀਤ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਆਪ ਦੇ ਯੂਥ ਵਿੰਗ ਦੇ ਪ੍ਰਧਾਨ ਚੇਤਨ ਕਾਲੀਆ, ਰੂਪਨਗਰ ਵਪਾਰ ਮੰਡਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਬਿੰਟਾਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਕਾਂਗਰਸੀ ਆਗੂ ਸੰਦੀਪ ਪਾਠਕ, ਪੰਜਾਬ ਸਾਂਝੀਵਾਲਤਾਂ ਦੇ ਰੂਪਨਗਰ ਹਲਕੇ ਤੋਂ ਉਮੀਦਵਾਰ ਗੌਰਵ ਰਾਣਾ, ਐਡਵੋਕੇਟ ਗੁਰਪ੍ਰਤਾਪ ਸਿੰਘ ਗਿੱਲ ਆਦਿ ਨੇ ਪਹੁੰਚੇ। - ਗੱਡੀਆਂ ਅੰਦਰ ਆਉਣ ’ਚ ਨਾਜਾਇਜ਼ ਕਬਜ਼ੇ ਬਣੇ ਅੜਿੱਕਾ ਰੂਪਨਗਰ ਫਾਇਰ ਬ੍ਰਿਗੇਡ ਦੇ ਸਟਾਫ਼ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਦੋ ਵਜੇ ਤੋਂ ਅੱਗ ’ਤੇ ਕਾਬੂ ਪਾਉਣ ਲਈ ਟੀਮ ਵਿਚ 18 ਮੁਲਾਜ਼ਮ ਤੇ ਹੋਰ ਵਿੰਗਾਂ ਤੇ ਮੁਲਾਜ਼ਮ ਲੱਗੇ ਹੋਏ ਹਨ। ਅੱਗ ਬੁਝਾਉਣ ਲਈ ਪਾਣੀ ਦੀਆਂ 18 ਗੱਡੀਆਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿਚ ਇੱਕ ਤਾਂ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਬਿਜਲੀ ਦੀਆਂ ਤਾਰਾਂ ਨੀਵੀਂਆਂ ਹਨ, ਜਿਸ ਕਾਰਨ ਜਦੋਂ ਵੱਡੀਆਂ ਗੱਡੀਆਂ ਆਈਆਂ ਤਾਂ ਕਿਤੇ ਗੱਡੀ ਦਾ ਉੱਪਰਲਾ ਹਿੱਸਾ ਕਿਤੇ ਲੰਗਣ ਕਾਰਨ ਗੱਡੀ ਦੇ ਉੱਪਰ ਲੱਗੀ ਪੌੜੀ ਟੁੱਟ ਗਈ ਅਤੇ ਅਤੇ ਗੱਡੀ ਵਿਚ ਬੈਠੇ ਮੁਲਾਜ਼ਮਾਂ ਨੂੰ ਕਰੰਟ ਵੀ ਮਹਿਸੂਸ ਹੋਇਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬਾਜ਼ਾਰ ਵਿਚੋਂ ਨਾਜਾਇਜ਼ ਕਬਜ਼ੇ ਹਟਾਇਆ ਜਾਣ ਕਿਉਂਕਿ ਅਜਿਹੇ ਅੱਗ ਲੱਗਣ ਦੇ ਮਾਮਲਿਆਂ ਵਿਚ ਬਾਜ਼ਾਰਾਂ ਵਿਚ ਗੱਡੀਆਂ ਨੂੰ ਪਹੁੰਚਾਉਣ ’ਚ ਵੱਡੀ ਸਿਰਦਰਦੀ ਬਣ ਜਾਂਦਾ ਹੈ। - ਵਿਧਾਇਕ ਚੱਢਾ ਨੇ ਅੱਗ ਪੀੜਤ ਵਪਾਰੀ ਦੀ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ ਇੱਕ ਵਪਾਰੀ ਦੇ ਗੁਦਾਮ ਵਿਚ ਲੱਗੀ ਭਿਆਨਕ ਅੱਗ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਾਅਦ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਅੱਗ ਦੀ ਘਟਨਾ ਕਾਰਨ ਪ੍ਰਭਾਵਿਤ ਹੋਏ ਵਪਾਰੀ ਪ੍ਰਵੀਨ ਕੁਮਾਰ ਸਿੰਗਲਾ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੇ ਦੁੱਖ ਵਿਚ ਸ਼ਰੀਕ ਹੁੰਦਿਆਂ ਹਮਦਰਦੀ ਪ੍ਰਗਟ ਕੀਤੀ ਅਤੇ ਇਸ ਔਖੀ ਘੜੀ ਵਿਚ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਪੀੜਤ ਵਪਾਰੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਸੰਕਟ ਦੀ ਘੜੀ ਵਿਚ ਉਹ ਇਕੱਲੇ ਨਹੀਂ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਘਟਨਾ ਕਾਰਨ ਹੋਏ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ। ਇਸ ਦੁਖਦਾਈ ਘਟਨਾ ਨੇ ਵਪਾਰੀ ਦੀ ਸਾਲਾਂ ਦੀ ਮਿਹਨਤ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਪੀੜਤ ਵਪਾਰੀ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਪ੍ਰਸ਼ਾਸਨਿਕ ਸਹਾਇਤਾ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਦੀ ਵੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।