ਸਿੱਧ ਬਾਬਾ ਚਾਨੋ ਦੇ ਅਸਥਾਨ ’ਤੇ ਨਤਮਸਤਕ ਹੋਏ ਗੌਰਵ ਰਾਣਾ ਸਿੱਧ ਬਾਬਾ ਚਾਨੋ ਦੇ ਅਸਥਾਨ ’ਤੇ ਨਤਮਸਤਕ ਹੋਏ ਗੌਰਵ ਰਾਣਾ
Publish Date: Mon, 02 Nov 2026 04:09 PM (IST)
Updated Date: Mon, 02 Nov 2026 04:11 PM (IST)
ਬਾਬਾ ਵਿਜੇ ਸਰਕਾਰ ਤੇ ਬਾਬਾ ਅਜੇ ਸਰਕਾਰ ਨੇ ਅਰਦਾਸ ਉਪਰੰਤ ਦੁਸ਼ਾਲੇ ਭੇਟ ਕਰਕੇ ਦਿੱਤਾ ਆਸ਼ੀਰਵਾਦ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰ ਬੇਦੀ ਇਲਾਕੇ ਦੇ ਇਤਿਹਾਸਕ ਤੇ ਪ੍ਰਸਿੱਧ ਧਾਰਮਿਕ ਅਸਥਾਨ ਸਿੱਧ ਬਾਬਾ ਚਾਨੋ ਤੇ ਬਾਬਾ ਬਲੀ ਪਾਤਸ਼ਾਹ ਜੀ ਦੇ ਦਰਬਾਰ ਵਿਖੇ ਪੰਜਾਬ ਸਾਂਝੀਵਾਲਤਾ ਦਲ ਦੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਗੌਰਵ ਰਾਣਾ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਮੱਥਾ ਟੇਕਣ ਉਪਰੰਤ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਗੌਰਵ ਰਾਣਾ ਤੇ ਉਨ੍ਹਾਂ ਦੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਬਾਬਾ ਅਜੇ ਸਰਕਾਰ ਤੇ ਬਾਬਾ ਵਿਜੇ ਸਰਕਾਰ ਵੱਲੋਂ ਇਲਾਕੇ ਦੀ ਸੁੱਖ-ਸ਼ਾਂਤੀ, ਤਰੱਕੀ ਤੇ ਗੌਰਵ ਰਾਣਾ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਫ਼ਲਤਾ ’ਤੇ ਭਵਿੱਖ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਬਾਬਾ ਅਜੇ ਸਰਕਾਰ, ਬਾਬਾ ਵਿਜੇ ਸਰਕਾਰ ਤੇ ਹੋਰ ਪ੍ਰਬੰਧਕਾਂ ਵੱਲੋਂ ਗੌਰਵ ਰਾਣਾ ’ਤੇ ਉਨ੍ਹਾਂ ਦੇ ਸਾਥੀਆਂ ਨੂੰ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਗੌਰਵ ਰਾਣਾ ਨੇ ਕਿਹਾ ਕਿ ਸਿੱਧ ਬਾਬਾ ਚਾਨੋ ਦਾ ਇਹ ਅਸਥਾਨ ਬਹੁਤ ਵੱਡੀ ਧਾਰਮਿਕ ਮਾਨਤਾ ਰੱਖਦਾ ਹੈ। ਇੱਥੇ ਇਲਾਕੇ ਸਮੇਤ ਪੰਜਾਬ, ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਇਸ ਅਸਥਾਨ ਤੋਂ ਜੀਵ-ਜੰਤੂਆਂ ਤੇ ਦੁਧਾਰੂ ਪਸ਼ੂਆਂ ਦੀ ਸੁੱਖ-ਸੁਰੱਖਿਆ ਲਈ ਵੀ ਸੰਗਤ ਆਸ਼ੀਰਵਾਦ ਪ੍ਰਾਪਤ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਧਾਰਮਿਕ ਅਸਥਾਨਾਂ ਦੀ ਸੇਵਾ ਤੇ ਸਮਾਜਿਕ ਤੇ ਧਾਰਮਿਕ ਕਾਰਜਾਂ ’ਚ ਹਮੇਸ਼ਾ ਮੋਹਰੀ ਰਹਿਣ ਲਈ ਵਚਨਬੱਧ ਹਨ। ਇਸ ਦੇ ਨਾਲ ਹੀ ਪੰਜਾਬ ਦੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਤੇ ਲੋਕਾਂ ਦੀ ਭਲਾਈ ਲਈ ਵੀ ਪੂਰੀ ਦ੍ਰਿੜ੍ਹਤਾ ਨਾਲ ਯਤਨਸ਼ੀਲ ਹਨ।