ਗੜ੍ਹੀ ਨੇ ਸਾਬਕਾ ਸੀਐੱਮ ਚੰਨੀ ਦੀ ਰਿਹਾਇਸ਼ ਅੱਗੇ ਪ੍ਰੈਸ ਕਾਨਫਰੰਸ ਕਰਕੇ ਲਗਾਏ ਗੰਭੀਰ ਦੋਸ਼ ਗੜ੍ਹੀ ਨੇ ਸਾਬਕਾ ਸੀਐੱਮ ਚੰਨੀ ਦੀ ਰਿਹਾਇਸ਼ ਅੱਗੇ ਪ੍ਰੈਸ ਕਾਨਫਰੰਸ ਕਰਕੇ ਲਗਾਏ ਗੰਭੀਰ ਦੋਸ਼
Publish Date: Sun, 04 Oct 2026 07:21 PM (IST)
Updated Date: Sun, 04 Oct 2026 07:23 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ ਅੱਗੇ ‘ਆਪ’ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਵੱਲੋਂ ਇਕ ਅਹਿਮ ਪ੍ਰੈੱਸ ਕਾਨਫ਼ਰੰਸ ਕਰਕੇ ਕਾਂਗਰਸ ਪਾਰਟੀ ਤੇ ਚਰਨਜੀਤ ਚੰਨੀ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਈ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦਿਆਂ ਇਸ ਨੂੰ ਸਿੱਖ ਵਿਰੋਧੀ ਪਾਰਟੀ ਗਰਦਾਨਿਆ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਤੇ ਸਿੱਖ ਕੌਮ ਦੇ ਹਿੱਤਾਂ ਦੇ ਉਲਟ ਫੈਸਲੇ ਲਏ ਹਨ ਅਤੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਗੜ੍ਹੀ ਨੇ ਸਾਬਕਾ ਸੀਐੱਮ ਚੰਨੀ ਦੇ ਸਿਆਸੀ ਦਾਅਵਿਆਂ ਅਤੇ ਕਾਰਜਕਾਲ ਨੂੰ ਘੇਰਦੇ ਹੋਏ ਉਨਾਂ ਦੀ ਕਹਿਣੀ ਅਤੇ ਕਥਨੀ ਵਿਚ ਫਰਕ ਦਾ ਇਲਜ਼ਾਮ ਲਗਾਇਆ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਕਹਿਣੀ ਅਤੇ ਕਥਨੀ ਵਿਚ ਵੱਡਾ ਫਰਕ ਹੈ। ਉਨ੍ਹਾਂ ਕਿਹਾ ਕਿ ਹਲਕਾ ਚਮਕੌਰ ਸਾਹਿਬ ਦੇ ਲੋਕਾਂ ਨੂੰ ਲੰਮੇ ਸਮੇਂ ਤੱਕ ਗੁਮਰਾਹ ਕੀਤਾ ਗਿਆ ਅਤੇ ਜੋ ਵਾਅਦੇ ਕੀਤੇ ਗਏ ਸਨ, ਉਹ ਜ਼ਮੀਨੀ ਪੱਧਰ ਤੇ ਪੂਰੇ ਨਹੀਂ ਹੋਏ। ਗੜ੍ਹੀ ਨੇ ਚੰਨੀ ਦੇ ਪਿਛਲੇ ਸਿਆਸੀ ਰੁਖ ਅਤੇ ਫੈਸਲਿਆਂ ਤੇ ਸਵਾਲ ਚੁੱਕਦਿਆਂ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਚੰਨੀ ਆਮ ਆਦਮੀ ਨਹੀਂ ਇਕ ਬਾਦਸ਼ਾਹ ਹੈ ਜਿਸ ਦੇ ਪੰਜਾਬ ਵਿਚ ਲਗਭਗ 20-20 ਹਜਾਰ ਸਕੇਅਰ ਫੁੱਟ ਵਿਚ 3, 4 ਬੰਗਲੇ ਹਨ। ਉਨ੍ਹਾਂ ਕਿਹਾ ਕਿ ਮੰਜੇ ਤੇ ਪਟਾਕੇ ਰੱਖ ਕੇ ਵੇਚਣ ਵਾਲਾ ਜਾਂ ਟੈਂਟ ਲਗਾਉਣ ਵਾਲਾ ਬੰਦਾ ਕਦੇ ਬਾਦਸ਼ਾਹ ਨਹੀਂ ਬਣ ਸਕਦਾ। ਇਸੇ ਕਾਰਨ ਉਨਾਂ ਨੇ ਅੱਜ ਉਸਦੇ ਮੋਰਿੰਡਾ ਸਥਿਤ ਕੋਠੀ ਦੇ ਬਾਹਰ ਕਾਨਫਰੰਸ ਕੀਤੀ ਹੈ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਕਰੋੜਾਂ ਰੁਪਏ ਸੋਸ਼ਲ ਮੀਡੀਆ ਤੇ ਖਰਚ ਕਰਕੇ ਆਪਣੇ ਆਪ ਨੂੰ ਪੰਜਾਬ ਹਤੈਸ਼ੀ ਪਰਚਾਰਿਆ ਹੈ ਕਿ ਚੰਨੀ ਤੋਂ ਇਲਾਵਾ ਪੰਜਾਬ ਵਿਚ ਕੋਈ ਵੀ ਪੰਜਾਬ ਹਿਤੈਸੀ ਨਹੀਂ, ਆਪਣੇ ਸੋਸ਼ਲ ਮੀਡੀਆ ਰਾਹੀਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਨਾਮ ਕੀਤਾ ਅਤੇ ਹੁਣ ਉਸ ਦੇ ਪਿੱਛੇ ਪਏ ਹਨ। ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਨਹੀਂ ਬਣਨ ਦਿੱਤਾ। ਇਸ ਪਾਰਟੀ ਨੇ ਪੰਜਾਬ ਨੂੰ ਵਾਰ-ਵਾਰ ਵੰਡਿਆ ਹੈ। ਇਸ ਪਾਰਟੀ ਨੇ ਹੀ ਸਾਕਾ ਨੀਲਾ ਤਾਰਾ ਕਰਵਾਇਆ। ਕਾਂਗਰਸ ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਨੇ ਸਾਕਾਂ ਨੀਲਾ ਤਾਰਾ ਕਰਵਾਇਆ ਉੱਥੇ ਹੀ 84 ਵਿੱਚ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਪਾ ਕੇ ਅੱਗ ਲਗਾ ਕੇ ਕੋਹ ਕੋਹ ਕੇ ਮਾਰਿਆ। ਉਨਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵਿਚ ਵੋਟਾਂ ਦੇ ਵੇਲੇ ਚੰਨੀ ਨੇ ਨਸ਼ਿਆਂ ਦਾ ਹੜ੍ਹ ਲਿਆਂਦਾ। ਗੜ੍ਹੀ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਇਸ ਹਲਕੇ ਵਿਚ ਫਕੀਰ ਅਤੇ ਰਾਜੇ ਦੀ ਲੜਾਈ ਹੈ। ਉਹਨਾਂ ਕਿਹਾ ਕਿ ਇਸ ਸ਼ਹੀਦਾਂ ਦੀ ਧਰਤੀ ਤੋਂ ਬਾਦਸ਼ਾਹ ਚੰਨੀ ਨੂੰ ਸ਼ਹੀਦਾਂ ਦੀ ਧਰਤੀ ਤੋਂ ਭਜਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਹਲਕੇ ਦੇ ਪਿੰਡ-ਪਿੰਡ, ਬੂਥ-ਬੂਥ ਅਤੇ ਗਲੀ-ਗਲੀ ਜਾ ਕੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਹੈ। ਉਹ ਹਲਕੇ ਦੀਆਂ ਬੁਨਿਆਦੀ ਸਮੱਸਿਆਵਾਂ, ਜਿਨ੍ਹਾਂ ਵਿਚ ਸੜਕਾਂ, ਬੁਨਿਆਦੀ ਢਾਂਚਾ ਅਤੇ ਲੋਕਾਂ ਦੀਆਂ ਰੋਜ਼ਾਨਾ ਦੀਆਂ ਦਿੱਕਤਾਂ ਸ਼ਾਮਲ ਹਨ, ਦਾ ਜਾਇਜ਼ਾ ਲੈ ਕੇ ਉਨ੍ਹਾਂ ਦਾ ਹੱਲ ਕਰਵਾਉਣਗੇ।