ਖ਼ਾਲਸਾ ਸਕੂਲ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਖ਼ਾਲਸਾ ਸਕੂਲ ਜੰਡ ਸਾਹਿਬ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ
Publish Date: Thu, 08 Oct 2026 03:02 PM (IST)
Updated Date: Thu, 08 Oct 2026 03:05 PM (IST)
ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਵਿਦਿਆਰਥੀਆਂ ਅਤੇ ਇਲਾਕੇ ਦੀਆਂ ਮਹਿਲਾਵਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 200 ਮਹਿਲਾਵਾਂ ਅਤੇ 300 ਦੇ ਕਰੀਬ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ। ਕੈਂਪ ਵਿਚ ਡਾ. ਨਵਦੀਪ ਕੌਰ ਐਮਬੀਬੀਐਸ.,ਐਮਡੀ. ਮਹਿਲਾ ਰੋਗਾਂ ਦੇ ਮਾਹਰ ਅਤੇ ਡਾ. ਨਵਪ੍ਰੀਤ ਕੌਰ ਐਮਬੀਬੀਐਸ.,ਡੀਐਨਬੀ. ਬਾਲ ਰੋਗਾਂ ਦੇ ਮਾਹਰ ਵੱਲੋਂ ਮਰੀਜ਼ਾਂ ਅਤੇ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਸਹਾਇਕ ਡਾ.ਕਰਨ, ਡਾ. ਸੇਜਲ ਅਤੇ ਡਾ. ਕਮਲਜੀਤ ਕੌਰ ਤੇ ਸਿਹਤ ਸੇਵਾਵਾਂ ਵਿਚ ਸਹਿਯੋਗ ਦੇਣ ਵਾਲੇ ਹਰਿੰਦਰ ਸਿੰਘ ਤੇ ਗੁਰ ਕਰਨਵੀਰ ਸਿੰਘ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਮਾਹਰ ਡਾਕਟਰਾਂ ਵੱਲੋਂ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਸਬੰਧੀ ਜਾਂਚ ਕਰਦਿਆਂ ਉਨਾਂ ਨੂੰ ਲੋੜੀਦੀ ਡਾਕਟਰੀ ਸਲਾਹ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਵਿਦਿਆਰਥੀਆਂ ਨੂੰ ਵੀ ਸਿਹਤਮੰਦ ਜੀਵਨ ਸ਼ੈਲੀ, ਸੰਤੁਲਿਤ ਖੁਰਾਕ,ਨਿੱਜੀ ਸਫਾਈ ਅਤੇ ਨਿਯਮਤ ਸਿਹਤ ਜਾਂਚ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਿੰਪਲ ਢਿੱਲੋ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਤੰਦਰੁਸਤੀ ਸੰਸਥਾ ਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਹੀ ਸਫਲ ਜੀਵਨ ਦੀ ਮਜਬੂਤ ਨੀਂਹ ਹੈ। ਸਕੂਲ ਵੱਲੋਂ ਅਜਿਹੇ ਸਿਹਤਮੰਦ ਅਤੇ ਸਮਾਜ ਸੇਵੀ ਉਪਰਾਲੇ ਭਵਿੱਖ ਵਿਚ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕੈਂਪ ਦੇ ਸਫਲ ਆਯੋਜਨ ਲਈ ਸਕੂਲ ਪ੍ਰਬੰਧਕਾਂ ਵੱਲੋਂ ਸਮੂਹ ਡਾਕਟਰਾਂ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਇਲਾਕੇ ਦੀਆਂ ਮਹਿਲਾਵਾਂ ਹਾਜ਼ਰ ਸਨ।