ਮੁਫ਼ਤ ਮੈਡੀਕਲ ਕੈਂਪ ’ਚ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਸਰਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਆਯੋਜਿਤ; 150 ਤੋਂ ਵੱਧ ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ
Publish Date: Sun, 11 Oct 2026 03:32 PM (IST)
Updated Date: Sun, 11 Oct 2026 03:32 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਦੁੱਗਲ ਸਮਾਜ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਚੇਅਰਮੈਨ ਪਰਮਜੀਤ ਸਿੰਘ ਜੱਸੀ ਦੀ ਅਗਵਾਈ ਹੇਠ ਪਿੰਡ ਪੰਚਾਇਤ ਅਸਰਪੁਰ ਅਤੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਸਹਿਯੋਗ ਨਾਲ ਪਿੰਡ ਦੀ ਧਰਮਸ਼ਾਲਾ (ਨਗਰ ਖੇੜਾ) ਵਿਖੇ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਬੇਲਾ ਕਾਲਜ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਰੀਬਨ ਕੱਟ ਕੇ ਕੀਤਾ, ਜਦਕਿ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਨੇ ਕੈਂਪ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੈਂਪ ਦੌਰਾਨ ਡਾ. ਸੁਰਜੀਤ ਸਪੈਸ਼ਲਿਸਟ ਹਸਪਤਾਲ, ਰੋਪੜ ਦੀ ਮਾਹਿਰ ਟੀਮ ਵੱਲੋਂ ਆਰਥੋਪੀਡਿਕ ਮਾਹਿਰ ਡਾ. ਅਭਿਸ਼ੇਕ ਅਤੇ ਗਾਇਨੀਕੋਲੋਜੀ ਮਾਹਿਰ ਡਾ. ਮਨਜਿੰਦਰ ਕੌਰ ਨੇ ਲਗਭਗ 150 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਲੋੜੀਂਦੀਆਂ ਦਵਾਈਆਂ ਤੇ ਡਾਕਟਰੀ ਸਲਾਹ ਦਿੱਤੀ। ਕੈਂਪ ’ਚ ਆਰਥੋਪੀਡਿਕ, ਗਾਇਨੀਕੋਲੋਜੀ ਅਤੇ ਜਨਰਲ ਮੈਡੀਸਨ ਨਾਲ ਸਬੰਧਤ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਲੋੜਵੰਦਾਂ ਤੱਕ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣਾ ਮਨੁੱਖਤਾ ਦੀ ਸੱਚੀ ਸੇਵਾ ਹੈ ਅਤੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ। ਇਸ ਸਮਾਗਮ ਦੌਰਾਨ ਡੀਐੱਸਪੀ. ਮਨਜੀਤ ਸਿੰਘ ਔਲਖ, ਸੁਲਤਾਨਪੁਰ ਲੋਧੀ ਤੋਂ ਸੰਤ ਬਾਬਾ ਅਜੀਤ ਸਿੰਘ ਜੀ, ਗੁਰਦੁਆਰਾ ਭੈਰੋਂ ਮਾਜਰਾ ਦੇ ਮੁਖੀ ਬਾਬਾ ਸੁਖਪਾਲ ਸਿੰਘ ਜੀ, ਪਿੰਡ ਪਿੱਪਲ ਮਾਜਰਾ ਤੋਂ ਬਾਬਾ ਜੀ, ਬਾਬਾ ਜਸਵੀਰ ਸਿੰਘ ਜੀ, ਦਸ਼ਮੇਸ਼ ਪਬਲਿਕ ਹਾਈ ਸਕੂਲ ਦੇ ਪ੍ਰਿੰਸੀਪਲ ਰਣਜੀਤ ਸਿੰਘ ਸੰਧੂ, ਰਣਵੀਰ ਸਿੰਘ ਸੋਤਲ, ਦੇਵ ਦਿਆਲ, ਮਹਿੰਦਰਜੀਤ ਸਿੰਘ ਨੰਬਰਦਾਰ, ਚਰਨਜੀਤ ਸਿੰਘ, ਪ੍ਰਭਜੋਤ ਸਿੰਘ ਖ਼ਜ਼ਾਨਚੀ, ਸੁਖਦੇਵ ਸਿੰਘ ਮੋਹਾਲੀ ਦੀਨਪੁਰ ਅਤੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਸਮੇਤ ਵੱਡੀ ਗਿਣਤੀ ’ਚ ਪਤਵੰਤਿਆਂ ਨੇ ਹਾਜ਼ਰੀ ਲਗਵਾਈ। ਬੇਲਾ ਕਾਲਜ ਵੱਲੋਂ ਡਾ. ਹਰਪ੍ਰੀਤ ਕੌਰ (ਮੁਖੀ, ਪੰਜਾਬੀ ਵਿਭਾਗ), ਪ੍ਰੋ. ਸੁਨੀਤਾ ਰਾਣੀ (ਮੁਖੀ, ਹਿਊਮੈਨਿਟੀਜ਼ ਵਿਭਾਗ), ਡਾ. ਮਮਤਾ ਅਰੋੜਾ (ਮੁਖੀ, ਬਾਇਓਟੈਕਨਾਲੋਜੀ ਵਿਭਾਗ), ਪ੍ਰੋ. ਜਸਪ੍ਰੀਤ ਸਿੰਘ ਰਾਏ ਅਤੇ ਮਨਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਸੁਸਾਇਟੀ ਵੱਲੋਂ ਸਿਹਤ ਸੇਵਾਵਾਂ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੀ ਮਦਦ, ਧੀਆਂ ਦੇ ਵਿਆਹਾਂ ’ਚ ਸਹਿਯੋਗ, ਟਰਾਈਸਾਈਕਲ, ਮੈਡੀਕਲ ਬੈੱਡ, ਗੱਦੇ ਅਤੇ ਨੈਬੂਲਾਈਜ਼ਰ ਮਸ਼ੀਨਾਂ ਮੁਹੱਈਆ ਕਰਵਾਉਣ ਵਰਗੇ ਸਮਾਜ ਭਲਾਈ ਕਾਰਜ ਵੀ ਨਿਰੰਤਰ ਕੀਤੇ ਜਾਂਦੇ ਹਨ। ਸੁਸਾਇਟੀ ਵੱਲੋਂ ਅਗਲੇ ਉਪਰਾਲੇ ਵਜੋਂ 18 ਅਕਤੂਬਰ ਨੂੰ ਪਿੰਡ ਪਿੱਪਲ ਮਾਜਰਾ ਵਿਖੇ ਇੱਕ ਲੋੜਵੰਦ ਧੀ ਦੇ ਵਿਆਹ ’ਚ ਸਹਿਯੋਗ ਦਿੱਤਾ ਜਾਵੇਗਾ। ਅੰਤ ’ਚ ਚੇਅਰਮੈਨ ਪਰਮਜੀਤ ਸਿੰਘ ਜੱਸੀ ਨੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ, ਡਾ. ਸਤਵੰਤ ਕੌਰ ਸ਼ਾਹੀ, ਡਾਕਟਰਾਂ ਦੀ ਟੀਮ, ਬੇਲਾ ਕਾਲਜ ਪ੍ਰਸ਼ਾਸਨ, ਗ੍ਰਾਮ ਪੰਚਾਇਤ ਅਸਰਪੁਰ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਸੁਸਾਇਟੀ ਭਵਿੱਖ ’ਚ ਵੀ ਸਮਾਜ ਸੇਵਾ ਦੇ ਅਜਿਹੇ ਕਾਰਜ ਜਾਰੀ ਰੱਖੇਗੀ।