ਨੌਸਰਬਾਜਾਂ ਨੇ ਦੁਕਾਨਦਾਰ ਤੋਂ ਠੱਗੇ 490 ਰੁਪਏ ਨੌਸਰਬਾਜਾਂ ਨੇ ਦੁਕਾਨਦਾਰ ਤੋਂ ਠੱਗੇ 490 ਰੁਪਏ
Publish Date: Sun, 01 Nov 2026 06:58 PM (IST)
Updated Date: Sun, 01 Nov 2026 06:59 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਚ ਠੱਗੀ ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਕਾਫ਼ੀ ਸਰਗਰਮ ਹਨ, ਜੋ ਅਕਸਰ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਥਾਨਕ ਗੁਰਦੁਆਰਾ ਬਾਜ਼ਾਰ ’ਚ ਸਥਿਤ ਇੱਕ ਕਿਤਾਬਾਂ ਦੀ ਦੁਕਾਨ ’ਤੇ ਸਾਹਮਣੇ ਆਇਆ ਹੈ। ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਟਰਸਾਈਕਲ (ਨੰਬਰ ਪੀਬੀ 26 ਐਲ 0483) ’ਤੇ ਦੋ ਨੌਜਵਾਨ ਆਏ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦੁਕਾਨ ਦੇ ਅੰਦਰ ਆਇਆ ਤੇ ਉਸ ਨੇ ਇੱਕ ਪੈਨਸਿਲ ਮੰਗੀ। ਪੈਨਸਿਲ ਦੀ ਕੀਮਤ ਕੱਟਣ ਲਈ ਉਸ ਨੇ 500 ਰੁਪਏ ਦਾ ਨੋਟ ਦਿੱਤਾ, ਪਰ ਪੈਨਸਿਲ ਦੀ ਕੀਮਤ ਨੂੰ ਲੈ ਕੇ ਉਹ ਦੁਕਾਨਦਾਰ ਨਾਲ ਬਹਿਸ ਕਰਨ ਲੱਗ ਪਿਆ। ਇਸ ’ਤੇ ਅਸ਼ਵਨੀ ਕੁਮਾਰ ਨੇ 500 ਰੁਪਏ ਦਾ ਨੋਟ ਗਾਹਕ ਨੂੰ ਵਾਪਸ ਕਰ ਦਿੱਤਾ ਤੇ ਕਿਹਾ ਕਿ ਉਹ ਕਿਸੇ ਹੋਰ ਦੁਕਾਨ ਤੋਂ ਪੈਨਸਿਲ ਖ਼ਰੀਦ ਲਵੇ। ਕੁਝ ਹੀ ਸਮੇਂ ਵਿਚ ਉਸ ਗਾਹਕ ਨੇ ਦੁਕਾਨ ਤੇ ਜਾ ਕੇ ਨਿਮਰਤਾ ਨਾਲ ਗੱਲ ਕਰਦਿਆਂ ਦੁਬਾਰਾ ਪੈਨਸਿਲ ਮੰਗੀ। ਦੁਕਾਨਦਾਰ ਨੇ ਉਸ ਨੂੰ ਪੈਨਸਿਲ ਦੇ ਦਿੱਤੀ ਤੇ ਨਾਲ ਹੀ 490 ਰੁਪਏ ਬਕਾਇਆ ਵੀ ਮੋੜ ਦਿੱਤੇ। ਉਹ ਗਾਹਕ ਪੈਨਸਿਲ ਅਤੇ ਬਾਕੀ ਪੈਸੇ ਲੈ ਕੇ ਉੱਥੋਂ ਚਲਾ ਗਿਆ। ਬਾਅਦ ਵਿਚ ਅਸ਼ਵਨੀ ਕੁਮਾਰ ਨੂੰ ਅਹਿਸਾਸ ਹੋਇਆ ਕਿ 500 ਰੁਪਏ ਦਾ ਨੋਟ ਤਾਂ ਉਹ ਪਹਿਲਾਂ ਹੀ ਵਾਪਸ ਕਰ ਚੁੱਕਾ ਸੀ, ਇਸ ਤਰ੍ਹਾਂ ਉਸ ਨਾਲ ਧੋਖਾਧੜੀ ਹੋ ਗਈ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਵਾਲੇ ਦੁਕਾਨਦਾਰ ਅਤੇ ਇੱਕ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਪ੍ਰਵਾਸੀ ਨਾਲ ਵੀ ਇਸੇ ਤਰੀਕੇ ਨਾਲ ਠੱਗੀ ਮਾਰੀ ਗਈ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੋਟਰਸਾਈਕਲ ਚਾਲਕ ਸਮੇਤ ਮੁਲਜ਼ਮ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ ਹਨ। ਇਸ ਸਬੰਧੀ ਐਸਐਚਓ. ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਫੁਟੇਜ ਦੇ ਆਧਾਰ ਤੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।