ਗਰੀਬ ਦੀ ਚਮਕੀ ਕਿਸਮਤ, 21 ਲੱਖ ਦੀ ਲੱਗੀ ਲਾਟਰੀ ਫੜੀ ਲਗਾਉਣ ਵਾਲੇ ਗਰੀਬ ਦੀ ਚਮਕੀ ਕਿਸਮਤ
Publish Date: Wed, 07 Oct 2026 04:03 PM (IST)
Updated Date: Wed, 07 Oct 2026 04:05 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ, ਇਹ ਕਹਾਵਤ ਉਦੋਂ ਸੱਚ ਹੋਈ ਜਦੋਂ ਦਰਗਾਹ ਪੀਰ ਸਾਈ ਬੁੱਢਣ ਸ਼ਾਹ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੰਜੇ ’ਤੇ ਫੜ੍ਹੀ ਲਾ ਕੇ ਕੜੇ ਵੇਚਣ ਵਾਲੇ ਗਰੀਬ ਵਿਅਕਤੀ ਦੀ ਲਾਟਰੀ ਨਿਕਲੀ। ਜਾਣਕਾਰੀ ਅਨੁਸਾਰ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਹਰਦੋ ਨਿਰਮੋਹ ਨਜ਼ਦੀਕ ਬੁੰਗਾ ਸਾਹਿਬ ਜਿਲ੍ਹਾਂ ਰੂਪਨਗਰ ਦੇ ਰਹਿਣ ਵਾਲੇ ਹੇਮਰਾਜ ਦੀ ਰਾਜਸ਼੍ਰੀ ਲਾਟਰੀ ’ਚੋਂ 21 ਲੱਖ ਦਾ ਪਹਿਲਾ ਇਨਾਮ ਨਿਕਲਿਆ ਹੈ। ਪਿਛਲੇ ਦਿਨੀ ਬਜ਼ੁਰਗ ਰਾਜ ਕੁਮਾਰ ਵੱਲੋਂ ਇਲਾਕੇ ’ਚ ਘੁੰਮ ਕੇ ਟਿਕਟਾਂ ਵੇਚਣ ਵਾਲੇ ਤੋਂ 50 ਰੁਪਏ ਦੀ ਟਿਕਟ ਖਰੀਦੀ ਸੀ, ਇਸ ’ਚੋਂ ਇਹ ਇਨਾਮ ਨਿਕਲਿਆ ਹੈ। ਇਸ ਸਬੰਧੀ ਪਤਾ ਚੱਲਦਾ ਹੀ ਹੇਮਰਾਜ ਦੇ ਪਰਿਵਾਰਿਕ ਮੈਂਬਰਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਅਤੇ ਉਸ ਨੂੰ ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਦੇ ਮੁੱਖ ਸੇਵਾਦਾਰ ਦਿਲਬਾਗ ਸ਼ਾਹ ਵੱਲੋਂ ਵੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਸਬੰਧੀ ਗੱਲਬਾਤ ਕਰਦੇ ਹੋਏ ਹੇਮਰਾਜ ਨੇ ਦੱਸਿਆ ਕਿ ਇਨ੍ਹਾਂ ਪੈਸਿਆਂ ਵਿੱਚੋਂ ਕੁਝ ਪੈਸੇ ਉਹ ਸ਼ਿਵ ਮੰਦਿਰ ਦੀ ਉਸਾਰੀ ਸੇਵਾ ’ਚ ਲਗਾਏਗਾ ਅਤੇ ਬਾਕੀ ਪੈਸਿਆਂ ਨਾਲ ਪਰਿਵਾਰਿਕ ਜਰੂਰਤਾਂ ਪੂਰੀਆਂ ਕਰੇਗਾ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਲਾਟਰੀ ਟਿਕਟ ਖਰੀਦ ਰਿਹਾ ਸੀ, ਪਰ ਅੱਜ ਪਰਮਾਤਮਾ ਨੇ ਉਨ੍ਹਾਂ ਦੀ ਝੋਲੀ ਭਰੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣਾ ਕੰਮ ਫੜ੍ਹੀ ਹੀ ਲਗਾਉਣਗੇ ਅਤੇ ਮਿਹਨਤ ਕਰਦੇ ਰਹਿਣਗੇ। ਇਸ ਇਨਾਮ ਨਿਕਲਣ ਨਾਲ ਪਰਿਵਾਰਿਕ ਮੈਂਬਰਾਂ ’ਚ ਖੁਸ਼ੀ ਦਾ ਮਾਹੌਲ ਹੈ।