ਦਲਿਤ ਆਗੂ ਦੀ ਬੇਇੱਜ਼ਤੀ ਦੇ ਮਾਮਲੇ ’ਚ ਚੰਨੀ ਦੀ ਚੁੱਪੀ ਸ਼ਰਮਨਾਕ ਦਲਿਤ ਆਗੂ ਦੀ ਬੇਇੱਜ਼ਤੀ ਦੇ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੁੱਪੀ ਸ਼ਰਮਨਾਕ
Publish Date: Mon, 02 Nov 2026 05:18 PM (IST)
Updated Date: Mon, 02 Nov 2026 05:20 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਦਲਿਤ ਸਮਾਜ ਨਾਲ ਸਬੰਧਤ ਕਾਂਗਰਸੀ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਦੀ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਵੱਲੋਂ ਕੀਤੀ ਗਈ ਕਥਿਤ ਬੇਇੱਜ਼ਤੀ ਤੇ ਕੁੱਟਮਾਰ ਦੇ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹੁਣ ਤੱਕ ਕੋਈ ਬਿਆਨ ਨਾ ਦੇਣਾ ਬੇਹੱਦ ਸ਼ਰਮਨਾਕ ਤੇ ਚਿੰਤਾਜਨਕ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਸੇਵੀ ਆਗੂ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਤੇ ਚਰਨਪ੍ਰੀਤ ਸਿੰਘ ਸੈਫੁਲਪੁਰ ਨੇ ਕਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਦਲਿਤ ਸਮਾਜ ਨਾਲ ਸਬੰਧ ਰੱਖਦੇ ਹਨ, ਪਰ ਇਸ ਦੇ ਬਾਵਜੂਦ ਆਪਣੇ ਹੀ ਪਾਰਟੀ ਦੇ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਵਾਪਰੀ ਇਸ ਘਟਨਾ ਸਬੰਧੀ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਾ ਦੇਣਾ ਦਲਿਤ ਸਮਾਜ ਦੇ ਲੋਕਾਂ ਦੇ ਮਨਾਂ ’ਚ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦਲਿਤ ਆਗੂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਜਾਵੇ ਤੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਜਾਵੇ ਤਾਂ ਸਮਾਜ ਦੇ ਹਰ ਜ਼ਿੰਮੇਵਾਰ ਆਗੂ ਦਾ ਫਰਜ਼ ਬਣਦਾ ਹੈ ਕਿ ਉਹ ਪੀੜਤ ਦੇ ਹੱਕ ’ਚ ਆਵਾਜ਼ ਬੁਲੰਦ ਕਰੇ। ਖ਼ਾਸ ਕਰਕੇ ਚਰਨਜੀਤ ਸਿੰਘ ਚੰਨੀ ਵਰਗੇ ਸਾਬਕਾ ਮੁੱਖ ਮੰਤਰੀ, ਜਿਨ੍ਹਾਂ ਨੇ ਮੁੱਖ ਮੰਤਰੀ ਵਜੋਂ ਦਲਿਤ ਸਮਾਜ ਦੀ ਨੁਮਾਇੰਦਗੀ ਕੀਤੀ ਹੈ, ਉਨ੍ਹਾਂ ਤੋਂ ਲੋਕਾਂ ਨੂੰ ਨੈਤਿਕ ਸਮਰਥਨ ਤੇ ਇਨਸਾਫ਼ ਦੀ ਮੰਗ ਲਈ ਅੱਗੇ ਆਉਣ ਦੀ ਉਮੀਦ ਸੀ। ਉਨ੍ਹਾਂ ਅੱਗੇ ਕਿਹਾ ਕਿ ਦਲਿਤ ਸਮਾਜ ਦੇ ਮਾਣ-ਸਨਮਾਨ ਨਾਲ ਜੁੜੇ ਮਾਮਲਿਆਂ ’ਚ ਚੁੱਪ ਧਾਰਨ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਸਿਆਸੀ ਪਾਰਟੀਆਂ ਤੇ ਆਗੂਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦਲਿਤ ਸਮਾਜ ਦੇ ਹੱਕਾਂ ਤੇ ਸਨਮਾਨ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਤੇ ਆਪਣਾ ਪੱਖ ਸਪੱਸ਼ਟ ਕਰਨ ਤੇ ਪੀੜਤ ਆਗੂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨ।