ਵਿਜੈ ਸ਼ਰਮਾ ਟਿੰਕੂ ਦਾ ਹਾਲ ਜਾਣਨ ਪੁੱਜੇ ਸਾਬਕਾ ਸੀਐੱਮ ਚੰਨੀ ਤੇ ਰਾਜ ਬੱਬਰ ਵਿਜੈ ਸ਼ਰਮਾ ਟਿੰਕੂ ਦਾ ਹਾਲਚਾਲ ਜਾਣਨ ਪਹੁੰਚੇ ਸਾਬਕਾ ਮੁੱਖ ਮੰਤਰੀ ਚੰਨੀ ਤੇ ਰਾਜ ਬੱਬਰ
Publish Date: Mon, 14 Sep 2026 06:23 PM (IST)
Updated Date: Mon, 14 Sep 2026 06:26 PM (IST)
ਨਿੱਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਜ ਬੱਬਰ ਨੇ ਸੋਮਵਾਰ ਨੂੰ ਖਰੜ ਹਲਕੇ ਦੇ ਕਾਂਗਰਸ ਇੰਚਾਰਜ ਵਿਜੈ ਸ਼ਰਮਾ ਟਿੰਕੂ ਦੀ ਮੋਰਿੰਡਾ ਸਥਿਤ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਦਾ ਹਾਲਚਾਲ ਜਾਣਿਆ। ਦੋਵਾਂ ਆਗੂਆਂ ਨੇ ਟਿੰਕੂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਦੱਸਿਆ ਜਾਂਦਾ ਹੈ ਕਿ ਵਿਜੈ ਸ਼ਰਮਾ ਟਿੰਕੂ ਹਾਲ ਹੀ ਵਿਚ ਹਿਮਾਚਲ ਪ੍ਰਦੇਸ਼ ਸਥਿਤ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ ਵਿਖੇ ਮੱਥਾ ਟੇਕਣ ਗਏ ਸਨ। ਮੰਦਰ ਕੰਪਲੈਕਸ ਵਿਚ ਅਚਾਨਕ ਪੈਰ ਫਿਸਲਣ ਕਾਰਨ ਉਨ੍ਹਾਂ ਦੀ ਲੱਤ ਵਿਚ ਫਰੈਕਚਰ ਹੋ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਦੀ ਲੱਤ ’ਤੇ ਪਲਾਸਟਰ ਚੜ੍ਹਾ ਕੇ ਪੂਰੀ ਤਰ੍ਹਾਂ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ। ਇਸ ਕਾਰਨ ਖਰੜ ਹਲਕੇ ਵਿਚ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਫਿਲਹਾਲ ਰੁਕੀਆਂ ਹੋਈਆਂ ਹਨ। ਇਸ ਮੁਲਾਕਾਤ ਦੌਰਾਨ ਚਰਨਜੀਤ ਸਿੰਘ ਚੰਨੀ ਅਤੇ ਰਾਜ ਬੱਬਰ ਨੇ ਟਿੰਕੂ ਨਾਲ ਖਰੜ ਹਲਕੇ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਆਗੂਆਂ ਨੇ 15 ਸਤੰਬਰ ਨੂੰ ਹੋਣ ਵਾਲੇ ਕਾਂਗਰਸ ਦੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਟਿੰਕੂ ਨੂੰ ਆਪਣੇ ਹਲਕੇ ਤੋਂ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਭੇਜਣ ਲਈ ਕਿਹਾ। ਕਾਂਗਰਸ ਆਗੂਆਂ ਨੇ ਆਪ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮਰਹੂਮ ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਸੜਕਾਂ ’ਤੇ ਉਤਰੇਗੀ। 15 ਸਤੰਬਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਸਚਿਨ ਪਾਇਲਟ ਦੀ ਅਗਵਾਈ ਹੇਠ ਹਜ਼ਾਰਾਂ ਕਾਂਗਰਸੀ ਵਰਕਰ ਪੰਜਾਬ ਕਾਂਗਰਸ ਭਵਨ ਵਿਖੇ ਇਕੱਠੇ ਹੋਣਗੇ। ਇਸ ਤੋਂ ਬਾਅਦ ਮਾਰਚ ਕੱਢਦਿਆਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਜਾਵੇਗੀ ਜੋ ਕਿ ਉਨ੍ਹਾਂ ਦਾ ਇਸ ਸਮੇਂ ਮੁੱਖ ਉਦੇਸ਼ ਹੈ।