ਪੰਜਾਬ ’ਚੋਂ ਨਸ਼ਾ ਖ਼ਤਮ ਨਹੀਂ ਹੋਇਆ ਸਗੋਂ ਵਧਿਆ ਹੈ : ਚੰਨੀ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਮੋਰਿੰਡਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਭਰਵੀਆਂ ਮੀਟਿੰਗਾਂ
Publish Date: Thu, 17 Sep 2026 04:17 PM (IST)
Updated Date: Thu, 17 Sep 2026 04:17 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਬਲਾਕ ਮੋਰਿੰਡਾ ਦੇ ਪਿੰਡ ਮੜੌਲੀ ਕਲਾਂ, ਰਤਨਗੜ੍ਹ, ਬਡਵਾਲੀ, ਡੂਮਛੇੜੀ, ਸੱਖੋਮਾਜਰਾ, ਰੌਣੀ ਕਲਾਂ, ਸਮਾਣਾ ਖੁਰਦ ਪਿੰਡ ਸਹੇੜੀ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸ਼ਬਦੀ ਹਮਲੇ ਕੀਤੇ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਲੈ ਕੇ ਹੋਂਦ ਵਿਚ ਆਈ ਇਸ ਸਰਕਾਰ ਨੇ ਆਮ ਲੋਕਾਂ ਦਾ ਹੀ ਜੀਊਣਾ ਦੁਬਰ ਕੀਤਾ ਹੋਇਆ ਹੈ। ਨਾ ਇਲਜ਼ਾਮ ਲਗਾਇਆ ਕਿ ਇਨ੍ਹਾਂ ਦੇ ਵਿਧਾਇਕ ਤੇ ਮੰਤਰੀ ਕਰੋੜਾਂ ਰੁਪਈਆਂ ਦੇ ਸੰਪਤੀ ਦੇ ਮਾਲਕ ਬਣ ਚੁੱਕੇ ਹਨ। ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਕਹਿਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਬਣਦਿਆਂ ਹੀ ਕਿਸਾਨਾਂ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਮਾਸਟਰ ਦਾ ਮੁੰਡਾ ਮਾਸਟਰ ਅਖਵਾਉਣ ਵਾਲੇ ਮੁੱਖ ਮੰਤਰੀ ਦੇ ਸਮੇਂ ਆਪਣੇ ਹੱਕਾਂ ਲਈ ਧਰਨਾ ਦੇਣ ਵਾਲੇ ਮਾਸਟਰਾਂ ਨੂੰ ਹੀ ਬੁਰੀ ਤਰ੍ਹਾਂ ਕੁੱਟਿਆ ਗਿਆ। ਲੋਕਾਂ ਵੱਲੋਂ ਹੁਣ ਸਵਾਲ ਪੁੱਛਣ ’ਤੇ ਪੁਲਿਸ ਤਸੀਹੇ ਦਿੱਤੇ ਜਾਂਦੇ ਹਨ। ਉਨਾਂ ਕਿਹਾ ਕਿ ਇਸ ਸਰਕਾਰ ਤੋਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪੰਚਾਇਤਾਂ ਵੀ ਦੁਖੀ ਹਨ। ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਹੋਇਆ ਸਗੋਂ ਵਧਿਆ ਹੈ। ਜਿਸ ਕਾਰਨ ਹੁਣ ਹਰ ਪਿੰਡ ਵਿਚ ਨਸ਼ੇ ਦੀ ਸਪਲਾਈ ਹੋ ਰਹੀ ਹੈ। ਉਨ੍ਹਾਂ ਮੋਰਿੰਡਾ ਨੇੜਲੇ ਪਿੰਡ ਅਮਰਾਲੀ ਦੀ ਉਦਾਹਰਨ ਦਿੰਦੇ ਆ ਕਿਹਾ ਕਿ ਉੱਥੋਂ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਰਪੰਚ ਵੱਲੋਂ ਵੀ ਵੀਡੀਓ ਰਾਹੀਂ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਪਿੰਡ ’ਚ ਸ਼ਰੇਆਮ ਨਸ਼ਾ ਵਿਕਦਾ ਹੈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹੋਰ ਵੀ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਤੇ ਸ਼ਬਦੀ ਹਮਲੇ ਕੀਤੇ ਗਏ। ਇਸ ਮੌਕੇ ਪਨਗਰੇਨ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਸਾਬਕਾ ਚੇਅਰਮੈਨ ਖੁਸ਼ਹਾਲ ਸਿੰਘ ਦਤਾਰਪੁਰ, ਬਲਾਕ ਕਾਂਗਰਸ ਪ੍ਰਧਾਨ ਦਰਸ਼ਨ ਸਿੰਘ ਸੰਧੂ, ਮਿਲਕ ਪਲਾਂਟ ਮੋਹਾਲੀ ਦੇ ਡਾਇਰੈਕਟਰ ਬਲਜਿੰਦਰ ਸਿੰਘ ਸਹੇੜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਸਰਪੰਚ ਗੁਰਜੀਤ ਸਿੰਘ ਜੀਤੀ ਮੰਡਾਂ, ਬਲਾਕ ਸੰਮਤੀ ਮੈਂਬਰ ਹਰਕੀਰਤ ਸਿੰਘ ਤੇ ਤਜਿੰਦਰ ਸਿੰਘ ਢੰਗਰਾਲੀ, ਸਾਬਕਾ ਸਰਪੰਚ ਜਗਤਾਰ ਸਿੰਘ ਸੱਖੋ ਮਾਜਰਾ, ਸਾਬਕਾ ਸੰਮਤੀ ਮੈਂਬਰ ਅਵਤਾਰ ਸਿੰਘ, ਨੰਬਰਦਾਰ ਧਰਮਵੀਰ ਸਿੰਘ, ਗਿਆਨੀ ਸੁਖਵਿੰਦਰ ਸਿੰਘ, ਤਰਲੋਚਨ ਸਿੰਘ ਡੂਮਛੇੜੀ, ਇਕਬਾਲ ਸਿੰਘ ਡੂਮਛੇੜੀ, ਕਰਮਜੀਤ ਭੁੱਲਰ, ਨਵਤੇਜ ਸਿੰਘ ਤੇਜੀ ਸਾਬਕਾ ਸਰਪੰਚ ਸਹੇੜੀ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਮਾਵੀ ਸਮਾਣਾ ਖੁਰਦ ਆਦਿ ਹਾਜ਼ਰ ਸਨ।