ਜ਼ਿਲ੍ਹੇ ’ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਪਹਿਲਾ ਮਾਮਲਾ ਆਇਆ ਸਾਹਮਣੇ ਜ਼ਿਲ੍ਹੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਪਹਿਲਾ ਮਾਮਲਾ ਆਇਆ ਸਾਹਮਣੇ
Publish Date: Fri, 23 Oct 2026 06:47 PM (IST)
Updated Date: Fri, 23 Oct 2026 06:49 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਰੂਪਨਗਰ ਜ਼ਿਲ੍ਹੇ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਾ ਸਿਲਸਲਾ ਸ਼ੁਰੂ ਹੁੰਦਿਆਂ ਹੀ ਚਮਕੌਰ ਸਾਹਿਬ ਬਲਾਕ ਦੇ ਪਿੰਡ ਕੀੜੀ ਅਫਗਾਨਾਂ ਵਿਖੇ ਇੱਕ ਕਿਸਾਨ ਵੱਲੋਂ ਡੇਢ ਏਕੜ ਵਿਚ ਲਗਾਈ ਅੱਗ ’ਤੇ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤੀ ਟੀਮ ਨੇ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਕੀੜੀ ਅਫਗਾਨਾਂ ਵਿਖੇ ਇੱਕ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਉਂਦੇ ਹੀ ਐੱਸਡੀਐੱਮ ਸ੍ਰੀ ਚਮਕੌਰ ਸਾਹਿਬ ਅਧੀਨ ਕੰਮ ਕਰਨ ਵਾਲੀ ਕਲੱਸਟਰ ਟੀਮ ਵੱਲੋਂ ਕਿਸਾਨ ਦਾ ਪੰਜ ਹਜ਼ਾਰ ਰੁਪਏ ਦਾ ਚਾਲਾਨ ਕੀਤਾ ਗਿਆ ਹੈ। ਉਧਰ ਖੇਤੀਬਾੜੀ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਜ਼ਿਲ੍ਹੇ ਵਿਚ 63 ਬੇਲਰ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਚੱਲ ਰਹੇ ਹਨ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਦੇਖ-ਰੇਖ ਹੇਠ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪਹਿਲਾਂ ਹੀ ਖੇਤੀਬਾੜੀ ਵਿਭਾਗ ਰੂਪਨਗਰ ਵੱਲੋਂ ਜਾਗਰੂਕਤਾ ਪ੍ਰਗਰਾਮ ਕਰਵਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਐੱਸਡੀਐੱਮ ਪੱਧਰ ’ਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਬਣਾਈਆਂ ਗਈਆਂ ਟੀਮਾਂ ਪਿੰਡਾਂ ਵਿਚ ਨਿਗਰਾਨੀ ਰੱਖ ਰਹੀਆਂ ਹਨ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਨਿਰਮਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਅੱਗ ਲਗਾਉਣ ਦੀ ਘਟਨਾ ਦੀ ਪੁਸ਼ਟੀ ਹੋਣ ’ਤੇ ਜਿੱਥੇ ਕਿਸਾਨ ਨੂੰ ਜ਼ੁਰਮਾਨਾ ਕੀਤਾ ਜਾਂਦਾ ਹੈ ਉੱਥੇ ਜ਼ਮੀਨ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਵੀ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਸਰਕਾਰ ਵੱਲੋਂ ਜ਼ਿਲ੍ਹੇ ਦੇ 63 ਕਿਸਾਨਾਂ ਜਿਸ ਵਿਚ ਕਈ ਸੁਸਾਇਟੀਆਂ ਵੀ ਹਨ, ਨੂੰ 63 ਬੇਲਰ ਇੱਕ ਰੋੜ ਤੋਂ ਵੱਧ ਦੀ ਸਬਸਿਡੀ ’ਤੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ-ਸਮੇਂ ’ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਖੇਤ ਵਿਚ ਰਹਿੰਦ-ਖੂੰਹਦ ਨੂੰ ਲੱਗ ਲਗਾਉਣ ਲਈ ਮਿੱਟੀ ਦੀ ਜਿੱਥੇ ਉਪਜਾਊ ਸ਼ਕਤੀ ਘੱਟਦੀ ਹੈ ਉੱਥੇ ਫਸਲ ਦਾ ਵਾਧੂ ਝਾੜ ਦੇਣ ਲਈ ਬਣੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।