ਬੈਗ ਲੈੱਸ ਡੇਅ ਮੌਕੇ ਕਾਂਗੜ ਸਕੂਲ ’ਚ ਲੱਗੀਆਂ ਰੌਣਕਾਂ ਬੈਗ ਲੈਸ ਡੇਅ ਮੌਕੇ ਕਾਂਗੜ ਸਕੂਲ ਵਿੱਚ ਲੱਗੀਆਂ ਰੌਣਕਾਂ
Publish Date: Sun, 01 Nov 2026 05:39 PM (IST)
Updated Date: Sun, 01 Nov 2026 05:41 PM (IST)
ਬਿਜਨਸ ਨਿਊਜ਼.............. ‘ਲਰਨਿੰਗ ਵਿਦ ਫਨ’ ਥੀਮ ਤਹਿਤ ਕਰਵਾਏ ਗਏ ਵੱਖ-ਵੱਖ ਮੁਕਾਬਲੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਿੱਖਿਆ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਰੱਖਣ ਦੀ ਬਜਾਏ ਇਸ ਨੂੰ ਮਨੋਰੰਜਕ ਅਤੇ ਵਿਹਾਰਕ ਬਣਾਉਣ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਵਿਖੇ ‘ਬੈਗ ਲੈੱਸ ਡੇਅ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਿੱਖਿਆ ਵਿਭਾਗ ਪੰਜਾਬ ਅਤੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਸ. ਪਾਖਰ ਸਿੰਘ ਦੀ ਅਗਵਾਈ ਹੇਠ ਲਰਨਿੰਗ ਵਿਦ ਫਨ (ਮਨੋਰੰਜਨ ਦੇ ਨਾਲ ਸਿੱਖਿਆ) ਥੀਮ ਤਹਿਤ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ’ਚ ਵਿਦਿਆਰਥੀਆਂ ਨੇ ਪੂਰੀ ਦਿਲਚਸਪੀ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਵਿਸ਼ੇਸ਼ ਦਿਨ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਸਕੂਲ ਦੇ ਕਮਰਿਆਂ ਅਤੇ ਵਿਹੜੇ ਨੂੰ ਵੱਖ-ਵੱਖ ਲਰਨਿੰਗ ਕਾਰਨਰਾਂ ਨਾਲ ਸਜਾਇਆ ਗਿਆ ਸੀ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਮਿਲਿਆ। ਪ੍ਰੋਗਰਾਮ ਦੌਰਾਨ ਗਣਿਤਕ ਖੇਡਾਂ ਦੇ ਤਹਿਤ ਗਿਣਤੀ ਅਤੇ ਪਹਾੜਿਆਂ ਦੀ ਅੰਤਾਕਸ਼ਰੀ, ਗਣਿਤ ਦੀਆਂ ਬੁਝਾਰਤਾਂ, ਅੰਗਰੇਜ਼ੀ ਸ਼ਬਦਾਂ ਦੀ ਚੇਨ, ਪੰਜਾਬੀ ਬੁਝਾਰਤਾਂ ਅਤੇ ਜਨਰਲ ਨਾਲੇਜ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਰਚਨਾਤਮਕ ਹੁਨਰ, ਕਲਪਨਾਸ਼ੀਲਤਾ ਅਤੇ ਆਤਮ-ਵਿਸ਼ਵਾਸ ਨੂੰ ਉਭਾਰਨ ਲਈ ਹਾਸਰਸ ਅਤੇ ਭਾਵਨਾਤਮਕ ਸਕਿੱਟਾਂ ਤੇ ਨਾਟਕ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥੀਆਂ ਨੇ ਇਨ੍ਹਾਂ ਗਤੀਵਿਧੀਆਂ ਰਾਹੀਂ ਖੇਡ-ਖੇਡ ’ਚ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਪੰਜਾਬੀ ਵਿਸ਼ਿਆਂ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਨੂੰ ਸਮਝਿਆ। ਇਸ ਦੌਰਾਨ ਸਕੂਲ ਦਾ ਮਾਹੌਲ ਸਿੱਖਣ, ਹੱਸਣ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੀਆਂ ਰੌਣਕਾਂ ਨਾਲ ਭਰਿਆ ਰਿਹਾ। ਇਸ ਮੌਕੇ ਪ੍ਰਿੰਸੀਪਲ ਸ. ਪਾਖਰ ਸਿੰਘ ਨੇ ਕਿਹਾ ਕਿ ਬੈਗ ਲੈਸ ਡੇਅ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਰਵਾਇਤੀ ਕਿਤਾਬੀ ਪੜ੍ਹਾਈ ਦੇ ਬੋਝ ਤੋਂ ਕੁਝ ਸਮੇਂ ਲਈ ਮੁਕਤ ਕਰਕੇ ਉਨ੍ਹਾਂ ਅੰਦਰ ਆਤਮ-ਵਿਸ਼ਵਾਸ, ਰਚਨਾਤਮਕ ਸੋਚ ਅਤੇ ਜੀਵਨ ’ਚ ਕੰਮ ਆਉਣ ਵਾਲੇ ਹੁਨਰ ਵਿਕਸਿਤ ਕਰਨਾ ਹੈ। ਇਸ ਮੌਕੇ ਪ੍ਰਿੰਸੀਪਲ ਸ. ਪਾਖਰ ਸਿੰਘ ਤੋਂ ਇਲਾਵਾ ਦਿਪੰਕਰ ਕੌਸ਼ਲ, ਸੁਖਦੇਵ ਸਿੰਘ ਰੰਧਾਵਾ, ਅਰਪਨ ਕੁਮਾਰ, ਨਵਨੀਤ ਕੁਮਾਰ, ਦਵਿੰਦਰ ਕਲਰਕ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਾਮ ਪਾਲ, ਭੁਵਨੇਸ਼ ਰਾਣਾ, ਮੈਡਮ ਮਮਤਾ ਰਾਣੀ, ਮੈਡਮ ਸੁਮਨ ਦੇਵੀ, ਮੈਡਮ ਹੀਨਾ, ਸ. ਬਲਵੰਤ ਸਿੰਘ ਕੈਂਪਸ ਮੈਨੇਜਰ, ਮਾਸਟਰ ਦਵਿੰਦਰ ਬਾਲੇਵਾਲ, ਮੈਡਮ ਆਰਤੀ, ਮੈਡਮ ਮਨੀਸ਼ਾ, ਮੈਡਮ ਹਰਦੀਪ, ਕਮਲੇਸ਼ ਰਾਣੀ, ਸਿਮਰਨ ਅਤੇ ਜੋਨੀ ਰਾਣਾ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।