ਫਿਰੋਜ਼ਪੁਰ ਨੇ ਰੂਪਨਗਰ ਨੂੰ ਹਰਾ ਕੇ ਰੱਸਾਕਸ਼ੀ ’ਚ ਜਿੱਤਿਆ ਖਿਤਾਬ ਫਿਰੋਜ਼ਪੁਰ ਨੇ ਰੂਪਨਗਰ ਨੂੰ ਹਰਾ ਕੇ ਰੱਸਾਕਸੀ ਵਿਚ ਖਿਤਾਬ ਜਿੱਤਿਆ
Publish Date: Wed, 18 Nov 2026 04:31 PM (IST)
Updated Date: Wed, 18 Nov 2026 04:33 PM (IST)
70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ 20 ਜ਼ਿਲ੍ਹਿਆਂ ਦੀਆਂ 240 ਖਿਡਾਰਨਾਂ ਨੇ ਲਿਆ ਭਾਗ ਲਖਵੀਰ ਸਿੰਘ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਤਹਿਤ ਅੰਡਰ-17 ਲੜਕੀਆਂ ਦੇ ਰੱਸਾਕਸ਼ੀ ਮੁਕਾਬਲੇ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋਏ। ਇਹ ਮੁਕਾਬਲੇ ਪ੍ਰੇਮ ਕੁਮਾਰ ਮਿੱਤਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ। ਜ਼ਿਲ੍ਹਾ ਖੇਡ ਕੋ-ਆਰਡੀਨੇਟਰ ਸ਼ਰਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਦੇ 20 ਜ਼ਿਲ੍ਹਿਆਂ ਦੀਆਂ ਲਗਭਗ 240 ਖਿਡਾਰਨਾਂ ਨੇ ਜੇਤੂ ਟਰਾਫ਼ੀ ਹਾਸਲ ਕਰਨ ਲਈ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਮੌਕੇ ਭਾਰਤੀ ਸੈਣੀ, ਡਾਇਰੈਕਟਰ ਨੇਤਾ ਜੀ ਮਾਡਲ ਸਕੂਲ ਅਤੇ ਸੀਮਾ, ਪ੍ਰਿੰਸੀਪਲ ਨੇਤਾ ਜੀ ਮਾਡਲ ਸਕੂਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ’ਚ ਰੂਪਨਗਰ ਨੇ ਲੁਧਿਆਣਾ ਨੂੰ ਅਤੇ ਦੂਜੇ ਸੈਮੀਫਾਈਨਲ ’ਚ ਫਿਰੋਜ਼ਪੁਰ ਨੇ ਮਾਨਸਾ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ। ਫਾਈਨਲ ਮੁਕਾਬਲਾ ਬੇਹੱਦ ਦਿਲਚਸਪ ਰਿਹਾ, ਜਿਸ ’ਚ ਫਿਰੋਜ਼ਪੁਰ ਦੀ ਟੀਮ ਨੇ ਰੂਪਨਗਰ ਨੂੰ ਮਾਤ ਦੇ ਕੇ ਜੇਤੂ ਟਰਾਫ਼ੀ ਆਪਣੇ ਨਾਮ ਕੀਤੀ। ਤੀਜੇ ਸਥਾਨ ਲਈ ਹੋਏ ਮੁਕਾਬਲੇ ’ਚ ਮਾਨਸਾ ਨੇ ਲੁਧਿਆਣਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਟੇਟ ਐਵਾਰਡੀ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਅਤੇ ਭਾਰਤੀ ਸੈਣੀ ਵੱਲੋਂ ਸਾਂਝੇ ਤੌਰ ’ਤੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਸਹਿਯੋਗ ਤੇ ਟੀਮ ਭਾਵਨਾ ਦਾ ਵਿਕਾਸ ਵੀ ਕਰਦੀਆਂ ਹਨ। ਇਸ ਮੌਕੇ ਹੈੱਡਮਾਸਟਰ ਪਵਨ ਕੁਮਾਰ, ਹਰਮਨਦੀਪ ਸਿੰਘ, ਗੁਰਜੀਤ ਸਿੰਘ, ਰਣਬੀਰ ਕੌਰ, ਦਵਿੰਦਰ ਸਿੰਘ, ਆਸ਼ੀਸ਼ ਗਗਨੇਜਾ ਅਤੇ ਪੰਕਜ ਵਸ਼ਿਸ਼ਟ ਸਮੇਤ ਹੋਰ ਪਤਵੰਤੇ ਹਾਜ਼ਰ ਸਨ।