ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਹੰਗਾਮੀ ਬੈਠਕ
ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਕਿਸਾਨ ਯੂਨੀਅਨ ਦੀ ਹੰਗਾਮੀ ਮੀਟਿੰਗ ਹੋਈ
Publish Date: Thu, 26 Mar 2026 05:59 PM (IST)
Updated Date: Thu, 26 Mar 2026 06:02 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਅੱਜ ਮਿਤੀ 26 ਮਾਰਚ 2026 ਨੂੰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਯੂਨਾਈਟਡ ਸਟੇਟ ਅਮਰੀਕਾ ਦੇ ਨਾਲ ਟਰੇਡ ਡੀਲ, ਜੀ ਐਮ ਓ ਬੀਜ, ਸੀਡਵਿਲ ਅਤੇ ਇਜਰਾਇਲ ਅਤੇ ਇਰਾਨ ਦੀ ਚੱਲ ਰਹੀ ਜੰਗ ਨੂੰ ਲੈ ਕੇ ਪੰਜਾਬ ਦੇ ਵਿਚ ਕਿਸਾਨਾਂ ਨੂੰ ਕਣਕ ਦੀ ਕਟਾਈ ਲਈ ਡੀਜ਼ਲ ਅਤੇ ਝੋਨੇ ਦੀ ਬਿਜਾਈ ਸਮੇਂ ਡੀ ਏ ਪੀ ਅਤੇ ਯੂਰੀਆ ਖਾਦ ਦੀ ਕਮੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਗੇਤੇ ਪ੍ਰਬੰਧ ਕਰਨ ਦੇ ਲਈ ਅਪੀਲ ਕੀਤੀ ਗਈ। ਇਸ ਦੌਰਾਨ ਵਿਚਾਰ ਵਟਾਂਦਰਾ ਕਰਦਿਆਂ ਯੂਨੀਅਨ ਦੇ ਪ੍ਰਧਾਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਦੇ ਵਿਚ ਜੋ ਜੀ ਐਮ ਓ ਬੀਜ਼ ਲਿਆਂਦੇ ਜਾ ਰਹੇ ਹਨ ਉਸਦੇ ਨਾਲ ਖੇਤੀ ਢਾਂਚਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਚਲਾ ਜਾਵੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨ ਭਰਾਵਾਂ ਕੋਲ ਕਣਕ, ਝੋਨਾ, ਗੰਨਾ ਮੱਕੀ, ਦਾਲਾਂ ਅਤੇ ਸਬਜ਼ੀਆਂ ਦੇ ਦੇਸੀ ਘਰ ਦੇ ਬੀਜ ਪਏ ਹਨ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਵੇ ਕਿਉਂਕਿ ਕਾਰਪੋਰੇਟ ਘਰਾਣੇ ਬੀਜਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਤੁਹਾਡੇ ਖੇਤੀ ਸੈਕਟਰ ’ਤੇ ਕਬਜ਼ਾ ਕਰਨ ਦੀਆਂ ਵਿਉਤਬੰਦੀਆਂ ਘੜ ਰਹੇ ਹਨ। ਜਿਸ ਨਾਲ ਖੇਤੀ ਸੈਕਟਰ ਵਿਚ ਵੱਡਾ ਨੁਕਸਾਨ ਹੋਣ ਦਾ ਖਦਸਾ ਪ੍ਰਗਟਾਇਆ ਜਾ ਰਿਹਾ ਹੈ। ਇਸ ਮੀਟਿੰਗ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਹੋਰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ, ਅਤੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਇੱਕ ਮੁੱਠ ਹੋਣ ਦਾ ਸੰਦੇਸ਼ ਦਿੱਤਾ ਗਿਆ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਿਸਾਨੀ ਨਾਲ ਸੰਬੰਧਿਤ ਅਲੱਗ ਅਲੱਗ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜਾਗਰਤ ਕੀਤਾ ਜਾਵੇਗਾ। ਇਸ ਸਮੇਂ ਮੀਟਿੰਗ ਵਿਚ ਹਾਜ਼ਰ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਜਨਰਲ ਸਕੱਤਰ ਜੈਮਲ ਸਿੰਘ ਭੜੀ, ਮਾਸਟਰ ਹਰਦਿਆਲ ਸਿੰਘ, ਚਰਨਜੀਤ ਸਿੰਘ ਜੌੜਾ, ਮਾਸਟਰ ਪਰਮਿੰਦਰ ਸਿੰਘ ਬੇਲਾ, ਪ੍ਰਿੰਸੀਪਲ ਕੇਵਲ ਸਿੰਘ, ਸੰਤ ਸਿੰਘ ਹਜਾਰਾ, ਅਜੀਤ ਸਿੰਘ ਫੌਜੀ, ਰਜਿੰਦਰ ਸਿੰਘ, ਲਾਲਾ ਮਨਮੋਹਣ ਸਿੰਘ ਹਜ਼ਾਰਾਂ, ਸੁੱਚਾ ਸਿੰਘ ਸੂਰੇਵਾਲ, ਇਕਬਾਲ ਸਿੰਘ ਮਾਵੀ, ਮਾਸਟਰ ਹਰਬਖਸ਼ ਸਿੰਘ ਮਹਿਰੋਲੀ, ਅਵਤਾਰ ਸਿੰਘ ਫੌਜੀ, ਕਰਨਪ੍ਰੀਤ ਸਿੰਘ ਗਰਦਲੇ, ਹਰਮਿੰਦਰ ਸਿੰਘ ਹਜ਼ਾਰਾਂ, ਗੋਪਾਲ ਦਾਸ ਮਟੌਰ ਆਦਿ ਹਾਜ਼ਰ ਸਨ।