ਗੰਨੇ ਦੇ ਭਾਅ ਦੇ ਵਾਧੇ ਨੂੰ ਕਿਸਾਨਾਂ ਨੇ ਨਕਾਰਿਆਂ, ਗੜ੍ਹੀ ਨੇ ਕੀਤੀ ਸਰਕਾਰ ਦੀ ਸ਼ਲਾਘਾ ਗੰਨੇ ਦੇ ਭਾਅ ਦੇ ਵਾਧੇ ਨੂੰ ਕਿਸਾਨਾਂ ਨੇ ਨਿਕਾਰਿਆਂ, ਗੜ੍ਹੀ ਨੇ ਕੀਤੀ ਸਰਕਾਰ ਦੀ ਸ਼ਲਾਘਾਂ
Publish Date: Thu, 26 Nov 2026 07:12 PM (IST)
Updated Date: Thu, 26 Nov 2026 07:13 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਰਕਾਰ ਵੱਲੋਂ ਗੰਨੇ ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗੰਨੇ ਦੇ ਭਾਅ ’ਚ 15 ਰੁਪਏ ਪ੍ਰਤੀ ਕੁਇੰਟਲ ਕੀਤੇ ਵਾਧੇ ਨੂੰ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਮੁੱਢੋਂ ਨਕਾਰ ਦਿੱਤਾ ਹੈ। ਦੂਜੇ ਪਾਸੇ ਸਰਕਾਰ ਦਾ ਮੰਨਣਾ ਹੈ ਕਿ ਹੁਣ ਸ਼ੂਗਰ ਮਿੱਲਾਂ ਕਿਸਾਨਾਂ ਨੂੰ 416 ਰੁਪਏ ਦੀ ਥਾਂ 431 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਭੁਗਤਾਨ ਕਰਨਗੀਆਂ। ਉੱਧਰ, ਸ਼ੂਗਰ ਮਿੱਲ ਮੋਰਿੰਡਾ ਦੇ ਸੂਤਰਾਂ ਅਨੁਸਾਰ ਗੰਨਾ ਕਾਸ਼ਤਕਾਰਾਂ ਦਾ ਮਿੱਲ ਵੱਲ ਪਿਛਲੇ ਸੀਜ਼ਨ ਦਾ ਕੋਈ ਵੀ ਬਕਾਇਆ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਮਿੱਲ ਨੇ ਕਰੀਬ 20 ਲੱਖ 92 ਹਜ਼ਾਰ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਸੀ ਅਤੇ ਆਉਣ ਵਾਲੇ ਦਿਨਾਂ ’ਚ ਸ਼ੁਰੂ ਹੋਣ ਵਾਲੇ ਨਵੇਂ ਸੀਜ਼ਨ ਦੌਰਾਨ 26 ਲੱਖ ਕੁਇੰਟਲ ਤੋਂ ਵੱਧ ਗੰਨੇ ਦੀ ਪਿੜਾਈ ਦਾ ਟੀਚਾ ਰੱਖਿਆ ਗਿਆ ਹੈ। ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ‘ਆਪ’ ਆਗੂ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਪਹਿਲੀ ਅਜਿਹੀ ਸਰਕਾਰ ਬਣੀ ਹੈ, ਜਿਸ ਨੇ ਗੰਨਾ ਕਾਸ਼ਤਕਾਰਾਂ ਨੂੰ ਸਮੇਂ ਸਿਰ ਪੂਰੀ ਬਣਦੀ ਰਕਮ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਮੋਰਿੰਡਾ ਸ਼ੂਗਰ ਮਿੱਲ ਕਰੀਬ 5 ਕਰੋੜ ਰੁਪਏ ਦੇ ਮੁਨਾਫ਼ੇ ’ਚ ਰਹੀ ਹੈ। ਗੜ੍ਹੀ ਨੇ ਦਾਅਵਾ ਕੀਤਾ ਕਿ ਕਈ ਕਿਸਾਨਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਗੰਨੇ ਦੇ ਭਾਅ ’ਚ ਕੀਤੇ ਵਾਧੇ ’ਤੇ ਸੰਤੁਸ਼ਟੀ ਪ੍ਰਗਟਾਈ ਹੈ। ਕਿਸਾਨ ਆਗੂਆਂ ਨੇ ਵਾਧੇ ਨੂੰ ਦੱਸਿਆ ਨਾਕਾਫ਼ੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਹਿਡਾਲੀ ਅਤੇ ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਖੰਡ (ਚੀਨੀ) ਦਾ ਰੇਟ 47 ਰੁਪਏ ਪ੍ਰਤੀ ਕਿੱਲੋ ਸੀ ਜੋ ਹੁਣ 65 ਰੁਪਏ ਹੋ ਗਿਆ ਹੈ, ਅਜਿਹੇ ’ਚ ਮਹਿਜ਼ 15 ਰੁਪਏ ਦਾ ਵਾਧਾ ਕਰਕੇ ਸਰਕਾਰ ਕਿਸ ਖ਼ੁਸ਼ਹਾਲੀ ਦੀ ਗੱਲ ਕਰ ਰਹੀ ਹੈ। ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਸ਼ੂਗਰ ਮਿੱਲ ਮੋਰਿੰਡਾ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਗੰਨਾ ਕਾਸ਼ਤਕਾਰਾਂ ਦੇ ਕਰੀਬ 70 ਲੱਖ ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਦਕਿ ਮਿੱਲਾਂ ’ਚ ਗੰਨਾ ਘੱਟ ਆਉਣ ਦਾ ਮੁੱਖ ਕਾਰਨ ਬਿਮਾਰੀ ਅਤੇ ਮੌਸਮੀ ਤਬਦੀਲੀ ਕਾਰਨ ਪੈਦਾਵਾਰ ਘਟਣਾ ਸੀ। ਉਨ੍ਹਾਂ ਦੱਸਿਆ ਕਿ ਇਸ ਕਟੌਤੀ ਦੀ ਪੂਰਤੀ ਲਈ ਸ਼ੂਗਰਫੈੱਡ ਵਿਖੇ ਧਰਨੇ ਵੀ ਦਿੱਤੇ ਗਏ, ਪਰ ਕੋਈ ਸੁਣਵਾਈ ਨਹੀਂ ਹੋਈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਯੂਨੀਅਨ ਵੱਲੋਂ ਜਲਦ ਹੀ ਮੀਟਿੰਗ ਕਰਕੇ ਸ਼ੂਗਰ ਮਿੱਲਾਂ ਦੀ ਮਨਮਾਨੀ ਖ਼ਿਲਾਫ਼ ਅਗਲੀ ਰਣਨੀਤੀ ਉਲੀਕੀ ਜਾਵੇਗੀ।