- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨਾਜ ਮੰਡੀ ਘਨੌਲੀ ਅਚਾਨਕ ਬੰਦ ਕਰ ਦੇਣ ਦੇ ਹੁਕਮਾਂ ਤੋਂ ਭੜਕੇ ਕਿਸਾਨ

ਪੁਸ਼ਵਿੰਦਰ ਗੋਲੀਆਂ, ਪੰਜਾਬੀ ਜਾਗਰਣ, ਘਨੌਲੀ : ਘਨੌਲੀ ਫੋਕਲ ਪੁਆਇੰਟ ਵਾਲੀ ਅਨਾਜ ਮੰਡੀ ਨੂੰ ਅਚਾਨਕ ਬੰਦ ਕਰ ਦੇਣ ਦੇ ਹੁਕਮਾਂ ਨੂੰ ਲੈ ਕੇ ਪੂਰੀ ਅਨਾਜ ਮੰਡੀ ’ਚ ਹਾਹਾਕਾਰ ਮਚ ਗਈ ਹੈ ਤੇ ਕਿਸਾਨਾਂ ਮੰਡੀ ਦਾ ਸਮਾਂ ਪਿਛਲੇ ਸੀਜ਼ਨਾਂ ਜਿੰਨਾ ਹੀ ਰੱਖਣ ਦੀ ਮੰਗ ਕੀਤੀ ਹੈ। ਅੱਜ ਘਨੌਲੀ ਮੰਡੀ ’ਚ ਪੱਤਰਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਪਿਛਲੇ ਸੀਜ਼ਨਾਂ ਦੌਰਾਨ ਘਨੌਲੀ ਮੰਡੀ ਲਗਭਗ ਡੇਢ ਮਹੀਨਾ ਚਲਦੀ ਸੀ, ਪਰ ਇਸ ਵਾਰ ਪੰਦਰਾਂ ਦਿਨ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਹੈ।
ਕਿਸਾਨਾਂ ਗੁਰਚਰਨ ਸਿੰਘ ਚੰਨੀ , ਮਨਜੀਤ ਸਿੰਘ ਘਨੌਲਾ, ਲਾਡੀ ਢੱਕੀ, ਜਸਪਾਲ ਸਿੰਘ ਆਸਪੁਰ, ਅੰਮ੍ਰਿਤ ਸਿੰਘ ਆਸਪੁਰ, ਜਗਪਾਲ ਸਿੰਘ, ਪਰਮਜੀਤ ਸਿੰਘ ਘਨੋਲਾ, ਰਜਿੰਦਰ ਸਿੰਘ, ਭੋਲਾ ਸਿੰਘ ਬਿੱਕੋ, ਮਨਜੀਤ ਸਿੰਘ ਅਵਾਨਕੋਟ, ਰਾਮ ਲਖਨ ਨੰਬਰਦਾਰ, ਸੇਵਕ ਸਿੰਘ ਕੋਟਬਾਲਾ, ਕੁਲਵਿੰਦਰ ਸਿੰਘ ਬੜਾ ਆਦਿ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਫ਼ਸਲ ਸੁਕਾ ਕੇ ਹੀ ਮੰਡੀ ’ਚ ਲਿਆਉਣ, ਪਰ ਦੂਜੇ ਪਾਸੇ ਮੰਡੀ ਦੀ ਖਰੀਦ ਦਾ ਕੰਮ 15 ਦਿਨ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 25 ਤੋਂ 30 ਫੀਸਦੀ ਫਸਲ ਹਾਲੇ ਖੇਤਾਂ ’ਚ ਖੜ੍ਹੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਖਰੀਦ ਏਜੰਸੀਆਂ ਨੇ ਮੰਡੀ ’ਚ ਪਈ ਕਿਸਾਨਾਂ ਦੀ ਫਸਲ ਨਾ ਖਰੀਦੀ ਅਤੇ ਮੰਡੀ ਦਾ ਸਮਾਂ ਨਾ ਵਧਾਇਆ ਤਾਂ ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਕੌਮੀ ਮਾਰਗ ਜਾਮ ਕੀਤਾ ਜਾਵੇਗਾ ਤੇ ਮਸਲੇ ਦਾ ਹੱਲ ਹੋਣ ਤੱਕ ਮਾਰਗ ਜਾਮ ਰੱਖਿਆ ਜਾਵੇਗਾ।