ਲੀਡ : ਮੰਡੀ ’ਚ ਪੁੱਜਿਆ ਝੋਨਾ ਵਾਪਸ ਭੇਜਣ ’ਤੇ ਕਿਸਾਨਾਂ ਦਾ ਚੜ੍ਹਿਆ ਪਾਰਾ, ਕੀਤੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਮੰਡੀ ’ਚ ਪੁੱਜਿਆ ਝੋਨਾ ਵਾਪਸ ਭੇਜਣ ’ਤੇ ਕਿਸਾਨਾਂ ਦਾ ਚੜ੍ਹਿਆ ਪਾਰਾ, ਕੀਤੀ ਸਰਕਾਰ ਖਿਲਾਫ਼ ਨਾਅਰੇਬਾਜ਼ੀ
Publish Date: Thu, 17 Sep 2026 05:43 PM (IST)
Updated Date: Thu, 17 Sep 2026 05:44 PM (IST)
20 ਸਤੰਬਰ ਤੱਕ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਕੀਤੀ ਤਾਂ ਯੂਨੀਅਨਾਂ ਤੇ ਕਿਸਾਨ ਕਰਨਗੇ ਹਾਈਵੇਂ ਜਾਮ: ਆਗੂ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਅਨਾਜ ਮੰਡੀ ’ਚ ਬੁੱਧਵਾਰ ਨੂੰ ਪਹੁੰਚੇ ਝੋਨੇ ਨੂੰ ਵਾਪਸ ਭੇਜਣ ਨੂੰ ਲੈ ਕੇ ਕਿਸਾਨ ਤੇ ਸਮਾਜਿਕ ਜਥੇਬੰਦੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਵੀਰਵਾਰ ਨੂੰ ਰੂਪਨਗਰ ਅਨਾਜ ਮੰਡੀ ’ਚ ਭਾਰਤੀ ਕਿਸਾਨ ਯੂਨੀਅਨ ਖੋਸਾ ਤੇ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ, ਬੀਕੇਯੂ ਮਝੈਲ ਕਿਸਾਨ ਜਥੇਬੰਦੀ ਤੇ ਪੰਜਾਬ ਮੋਰਚਾ ਦੇ ਬੈਨਰ ਹੇਠ ਰੋਸ ਧਰਨਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਡੀਐੱਮਓ ਸੁਰਿੰਦਰਪਾਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਖੇਤਾਂ ਤੋਂ ਮੰਡੀ ’ਚ ਪੁੱਜੀ ਫ਼ਸਲ ਨੂੰ ਹੀ ਸਰਕਾਰੀ ਤੰਤਰ ਵੱਲੋਂ ਨੋਟਿਸ ਜਾਰੀ ਕਰਕੇ ਮੁੜ ਕਿਸਾਨ ਦੇ ਘਰ ਭੇਜਣ ਦੀ ਨੌਬਤ ਆ ਗਈ ਹੈ। ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੀਤ ਪ੍ਰਧਾਨ ਜੁਝਾਰ ਸਿੰਘ, ਦੀਦਾਰ ਸਿੰਘ ਸਲਾਹਕਾਰ, ਧਰਮਿੰਦਰ ਸਿੰਘ ਬਲਾਕ ਪ੍ਰਧਾਨ ਚਮਕੌਰ ਸਾਹਿਬ, ਗੁਰਜੀਤ ਸਿੰਘ ਤਾਲਾਪੁਰ, ਅਮਨਦੀਪ ਸਿੰਘ ਮੀਤ ਪ੍ਰਧਾਨ ਮੋਹਾਲੀ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਸੂਬਾ ਸਕੱਤਰ ਮੁਖਤਿਆਰ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ, ਵਾਈਸ ਪ੍ਰਧਾਨ ਕਰਨਵੀਰ ਸਿੰਘ ਸਿੱਧੂ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਦੋਸ਼ ਲਗਾਇਆ ਕਿ ਰੂਪਨਗਰ ਅਨਾਜ ਮੰਡੀ ਦਾ ਵੱਡਾ ਹਿੱਸਾ ਅਜੇ ਵੀ ਪਿਛਲੀ ਕਣਕ ਦੀ ਫ਼ਸਲ ਨਾਲ ਭਰਿਆ ਪਿਆ ਹੈ। ਕਣਕ ਦੀਆਂ ਬੋਰੀਆਂ ਦੇ ਢੇਰ ਤਰਪਾਲਾਂ ਨਾਲ ਢੱਕੇ ਹੋਏ ਹਨ ਤੇ ਇਸ ਕਾਰਨ ਨਵੀਂ ਆਈ ਝੋਨੇ ਦੀ ਫ਼ਸਲ ਲਈ ਮੰਡੀ ’ਚ ਥਾਂ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੇ ਖੁੱਲ੍ਹੇ ਅਸਮਾਨ ਹੇਠ ਆਪਣਾ ਝੋਨਾ ਮੰਡੀ ’ਚ ਉਤਾਰਿਆ ਤਾਂ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਆੜ੍ਹਤੀਆਂ ਤੇ ਕਿਸਾਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਤੇ ਫ਼ਸਲ ਮੁੜ ਚੁਕਵਾ ਕੇ ਕਿਸਾਨਾਂ ਦੇ ਘਰ ਭੇਜ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 15 ਜੂਨ ਦੀ ਬਜਾਏ 1 ਜੂਨ ਤੋਂ ਝੋਨੇ ਦੀ ਬਿਜਾਈ ਦੀ ਇਜਾਜ਼ਤ ਦੇਣ ਕਾਰਨ ਫ਼ਸਲ ਹੁਣ ਸਮੇਂ ਤੋਂ ਪਹਿਲਾਂ ਤਿਆਰ ਹੋ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਫ਼ਸਲ ਤਿਆਰ ਹੋ ਚੁੱਕੀ ਹੈ ਤਾਂ ਕਿਸਾਨ ਇਸ ਨੂੰ ਕਿੱਥੇ ਰੱਖੇ। ਖੇਤਾਂ ’ਚ ਫਸਲ ਤਿਆਰ ਹੈ ਤੇ ਮੰਡੀ ’ਚ ਲਿਆਂਦੀ ਫ਼ਸਲ ਲਈ ਵੀ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾਕਿ ਸਰਕਾਰ ਨੇ ਝੋਨੇ ਦੀ ਖ਼ਰੀਦ 1 ਅਕਤੂਬਰ ਤੋਂ ਨਿਸਚਤ ਕੀਤੀ ਹੈ। ਸਵਾਲ ਇਹ ਹੈ ਕਿ ਸਰਕਾਰ ਦੇ ਕਹਿਣ ’ਤੇ ਅਗੇਤੇ ਝੋਨੇ ਦੀ ਪੱਕੀ ਫ਼ਸਲ ਨੂੰ ਕਿਸਾਨ ਕਿੱਥੇ ਲੈ ਕੇ ਜਾਣ। ਇਸ ਗੱਲ ਦਾ ਜਵਾਬ ਮੁੱਖ ਮੰਤਰੀ, ਵਿਧਾਇਕ ਜਾਂ ਕੋਈ ਅਧਿਕਾਰੀ ਕਿਸਾਨਾਂ ਨੂੰ ਦੇਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 20 ਸਤੰਬਰ ਤੱਕ ਰੂਪਨਗਰ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਸ਼ੁਰੂ ਨਾ ਕਰਵਾਈ ਗਈ ਤਾਂ ਰੂਪਨਗਰ-ਚੰਡੀਗੜ੍ਹ ਹਾਈਵੇ ਜਾਮ ਕਰਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੀ ਵਾਰ ਰੂਪਨਗਰ ਅਨਾਜ ਮੰਡੀ ’ਚ ਪੰਜਾਬ ’ਚੋਂ ਸਭ ਤੋਂ ਵੱਧ ਝੋਨੇ ’ਤੇ ਕਟੌਤੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਬੀਜਣ ਤੋਂ ਲੈ ਕੇ ਮੰਡੀ ’ਚ ਵੇਚਣ ਤੱਕ ਵੱਖ-ਵੱਖ ਤਰੀਕਿਆਂ ਨਾਲ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨੀ ਨਾਲ ਜੁੜੇ ਇਨ੍ਹਾਂ ਮਸਲਿਆਂ ਦਾ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਤੇ ਮੌਜੂਦ ਆੜ੍ਹਤੀਆਂ ਦੇ ਪ੍ਰਧਾਨ ਸੁਤੰਤਰ ਪਾਲ ਕੌਸ਼ਲ, ਕਾਰਜਕਾਰੀ ਪ੍ਰਧਾਨ ਅਰੁਣ ਕੁਮਾਰ ਬੰਟੀ, ਆੜ੍ਹਤੀ ਖੰਨਾ, ਆੜ੍ਹਤੀ ਤੰਬੜ, ਆੜ੍ਹਤੀ ਕੋਲੀ ,ਆੜ੍ਹਤੀ ਗਿੱਲ, ਆੜ੍ਹਤੀ ਹਰਵਿੰਦਰ ਸਿੰਘ ਫੌਜੀ ਨੇ ਕਿਹਾ ਕਿ ਮੌਜੂਦਾ ਸਰਕਾਰ ਤੋਂ ਕਿਸਾਨਾਂ ਦੇ ਨਾਲ ਨਾਲ ਆੜ੍ਹਤੀ ਵੀ ਬੇਹੱਦ ਪਰੇਸ਼ਾਨ ਹਨ। ਸਾਨੂੰ ਇਕ ਤਰ੍ਹਾਂ ਦਾ ਫਰੀਜ਼ ਕਰਕੇ ਰੱਖ ਦਿੱਤਾ ਹੈ। ਅਸੀਂ ਕਿਸਾਨਾਂ ਦੀ ਫ਼ਸਲ ਸਾਂਭਣ ਲਈ ਤਿਆਰ ਹਾਂ ਪਰ ਸਾਨੂੰ ਬੇਵਜਾ ਨੋਟਿਸ ਜਾਰੀ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ।