ਭੈਣ ਦੀ ਸ਼ੱਕੀ ਮੌਤ ’ਤੇ ਪਰਿਵਾਰ ਨੇ ਚੁੱਕੇ ਗੰਭੀਰ ਸਵਾਲ ਭੈਣ ਦੀ ਮੌਤ ’ਤੇ ਪਰਿਵਾਰ ਨੇ ਚੁੱਕੇ ਗੰਭੀਰ ਸਵਾਲ, ਪਤੀ ਤੇ ਸਾਥੀ ਖ਼ਿਲਾਫ਼ ਕਾਰਵਾਈ ਦੀ ਮੰਗ
Publish Date: Fri, 21 Aug 2026 07:08 PM (IST)
Updated Date: Fri, 21 Aug 2026 07:09 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪਿੰਡ ਖੁਆਸਪੁਰਾ ਦੇ ਵਾਸੀ ਹਰਪ੍ਰੀਤ ਸਿੰਘ ਨੇ ਆਪਣੀ ਭੈਣ ਉਪਨੀਤ ਕੌਰ ਦੀ ਮੌਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਉਸ ਦੇ ਪਤੀ ਗੁਰਦੀਪ ਸਿੰਘ ਅਤੇ ਉਸ ਦੇ ਸਾਥੀ ਗੁਰਨਾਮ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ਮਾਮਲੇ ਦੀ ਨਿਰਪੱਖ ਜਾਂਚ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਐਸਪੀ ਹੈੱਡਕੁਆਟਰ ਰੂਪਨਗਰ ਹਰਸਿਮਰਤ ਸਿਘ ਸ਼ੇਤਰਾ ਨੂੰ ਮਿਲ ਕੇ ਜਾਣਕਾਰੀ ਦਿੱਤੀ ਅਤੇ ਮੰਗ ਪੱਤਰ ਸੌਪਿਆ। ਪਰਿਵਾਰ ਦਾ ਦੋਸ਼ ਹੈ ਕਿ ਉਪਨੀਤ ਕੌਰ ਦੀ ਮੌਤ ਰੇਲਗੱਡੀ ਹੇਠਾਂ ਆਉਣ ਕਾਰਨ ਹੋਈ ਦੱਸੀ ਗਈ ਹੈ, ਪਰ ਇਹ ਹਾਦਸਾ ਸੀ ਜਾਂ ਉਸ ਨੂੰ ਕਿਸੇ ਨੇ ਧੱਕਾ ਦਿੱਤਾ, ਇਸ ਬਾਰੇ ਪਰਿਵਾਰ ਨੂੰ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਮ੍ਰਿਤਕਾ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਬੀਤੇ ਦਿਨ ਅਚਾਨਕ ਮੋਹਾਲੀ ਜ਼ਿਲ੍ਹੇ ਦੇ ਕੁੰਭੜਾ ਸੁਹਾਣਾ ਵਿਖੇ ਵਿਆਹੀ ਉਸ ਦੀ ਭੈਣ ਦੀ ਮੌਤ ਦੀ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ। ਉਸ ਨੇ ਦੋਸ਼ ਲਾਇਆ ਕਿ ਭੈਣ ਦੇ ਪਤੀ ਨਾਲ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਪਰਿਵਾਰ ਨੂੰ ਬਿਨਾਂ ਦੱਸੇ ਹੀ ਉਸ ਦਾ ਸਸਕਾਰ ਕਰ ਦਿੱਤਾ ਗਿਆ। ਭਰਾ ਅਨੁਸਾਰ ਅੱਜ ਪਰਿਵਾਰ ਨੂੰ ਮ੍ਰਿਤਕਾ ਦੇ ਅਸਥੀ-ਫੁੱਲ ਵੀ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਦੀ ਭੈਣ ਨੇ ਵਟਸਐਪ ਰਾਹੀਂ ਹੱਥ ਨਾਲ ਲਿਖਿਆ ਨੋਟ ਭੇਜਿਆ ਸੀ, ਜਿਸ ਵਿਚ ਉਸ ਨੇ ਆਪਣੇ ਪਤੀ ਅਤੇ ਉਸ ਦੇ ਸਾਥੀ ਤੋਂ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਪਤੀ ਦੇ ਕਿਸੇ ਹੋਰ ਮਹਿਲਾ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਵਿਵਾਦ ਚੱਲ ਰਿਹਾ ਸੀ ਅਤੇ ਇਸ ਕਾਰਨ ਮ੍ਰਿਤਕਾ ਕਥਿਤ ਤੌਰ ’ਤੇ ਡਰੀ ਹੋਈ ਸੀ। ਪਰਿਵਾਰ ਵੱਲੋਂ ਇਹ ਨੋਟ ਪੁਲਿਸ ਨੂੰ ਜਾਂਚ ਲਈ ਸੌਂਪਿਆ ਜਾ ਰਿਹਾ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਘਟਨਾ ਤੋਂ ਬਾਅਦ ਵੀ ਪੁਲਿਸ ਵੱਲੋਂ ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਪਰਿਵਾਰ ਵੱਲੋਂ ਐੱਸਐੱਸਪੀ. ਰੂਪਨਗਰ ਅਤੇ ਐੱਸਐੱਸਪੀ. ਮੋਹਾਲੀ ਨੂੰ ਦਰਖਾਸਤ ਦੇ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ, ਮ੍ਰਿਤਕਾ ਵੱਲੋਂ ਛੱਡੇ ਨੋਟ ਦੀ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।