ਦੇਸ਼ ਨੂੰ ਸ਼ਸਕਤ ਬਣਾਉਣ ’ਚ ਹਰੇਕ ਵਿਅਕਤੀ ਪਾਏ ਯੋਗਦਾਨ : ਵਿਸਕੀ ਦੇਸ਼ ਨੂੰ ਸ਼ਸਕਤ ਅਤੇ ਸਮਰੱਥ ਬਣਾਉਣ ਵਿਚ ਹਰੇਕ ਵਿਅਕਤੀ ਪਾਏ ਯੋਗਦਾਨ: ਵਿਸਕੀ
Publish Date: Mon, 17 Aug 2026 03:52 PM (IST)
Updated Date: Mon, 17 Aug 2026 03:54 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ ਬੇਲਾ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਮੁੱਖ-ਮਹਿਮਾਨ ਵਜੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਪਣੇ ਸੰਬੋਧਨੀ ਭਾਸ਼ਣ ਵਿਚ ਉਨ੍ਹਾਂ ਕਿਹਾ, ਕਿ ਭਾਰਤ ਅੱਜ ਆਪਣੇ ਸੂਰਵੀਰ ਦੇਸ਼ ਭਗਤਾਂ ਦੀ ਬਦੌਲਤ ਆਜ਼ਾਦ ਹਵਾ ਵਿਚ ਸਾਹ ਲੈ ਰਿਹਾ ਹੈ, ਜਿਸ ਲਈ ਇਹ ਧਰਤ ਉਨ੍ਹਾਂ ਦੀ ਸਦੀਵੀ ਰਿਣੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਭਾਰਤੀ ਨੂੰ ਆਜ਼ਾਦ ਭਾਰਤ ਨੂੰ ਵਧੇਰੇ ਸ਼ਸਕਤ ਅਤੇ ਸਮਰੱਥ ਬਣਾਉਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਕਾਲਜ ਦੇ ਵਿਹੜੇ, ਹਰ ਵਰ੍ਹੇ ਦੀ ਤਰ੍ਹਾਂ ਆਜ਼ਾਦੀ ਘੁਲਾਟੀਆਂ, ਅਤੇ ਉਨ੍ਹਾਂ ਦੇ ਬਲੀਦਾਨਾਂ ਨੂੰ ਯਾਦ ਕੀਤਾ ਜਾਂਦਾ ਹੈ। ਫਾਰਮੇਸੀ ਕਾਲਜ ਬੇਲਾ ਦੇ ਪ੍ਰਿੰਸੀਪਲ ਡਾ. ਸੈਲੇਸ਼ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਸੰਖੇਪ ਚਰਚਾ ਕੀਤੀ। ਕਾਲਜ ਦੀ ਐਨਸੀਸੀ. (ਆਰਮੀ ਅਤੇ ਨੇਵੀ ਵਿੰਗ) ਦੇ ਕੈਡਿਟਾਂ ਨੇ ਇਸ ਮੌਕੇ ਮਾਰਚ ਪਾਸਟ ਕੀਤਾ। ਵਿਦਿਆਰਥੀਆਂ ਨੇ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਦੀਆਂ ਅਲਾਮਤਾਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁੱਕੀ। ਇਸ ਮੌਕੇ ਮੁੱਖ-ਮਹਿਮਾਨ ਵੱਲੋਂ ਐਨਸੀਸੀ. ਦੇ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਲੈਫਟੀਨੈਂਟ ਪ੍ਰਿਤਪਾਲ ਸਿੰਘ ਵੱਲੋਂ ਨਿਭਾਈ ਗਈ। ਅਖ਼ੀਰ ਵਿਚ ਇਸ ਸ਼ੁਭ ਮੌਕੇ ਲੱਡੂ ਵੰਡੇ ਗਏ। ਇਸ ਮੌਕੇ ਡਿਗਰੀ ਕਾਲਜ, ਫਾਰਮੇਸੀ ਕਾਲਜ, ਮਹਾਰਾਣੀ ਸਤਿੰਦਰ ਕੌਰ ਸੀਨੀਅਰ ਸੈਕੰਡਰੀ ਸਕੂਲ ਅਤੇ ਕਿੱਡਜ਼ੀ ਸਕੂਲ ਬੇਲਾ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।