- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾ ਰੁਪਏ ਖਰਚ ਕੇ ਵੀ ਨਹੀ ਬਦਲੀ ਰੂਪਨਗਰ ਬਾਈਪਾਸ ਦੀ ਤਕਦੀਰ

ਲਾਈਟਾਂ ਬੰਦ, ਖੱਭੇ ਟੁੱਟੇ ਹੋਏ, ਨਾਜਾਇਜ਼ ਕਬਜ਼ਿਆਂ ਦੇ ਨਾਲ-ਨਾਲ ਡਵਾਈਡਰਾਂ ’ਚ ਕੱਟਾਂ ਦੀ ਵੀ ਭਰਮਾਰ
ਲੋਕ ਨਿਰਮਾਣ ਵਿਭਾਗ ਸੁੱਤਾ ਗੂੜ੍ਹੀ ਨੀਂਦ
ਲੀਡ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਕਰੀਬ 7 ਕਿਲੋਮੀਟਰ ਲੰਬੇ ਰੂਪਨਗਰ ਬਾਈਪਾਸ ’ਤੇ ਡੂੰਘੇ ਖੱਡਿਆਂ ਤੇ ਕਬਜ਼ਿਆਂ ਦੀ ਭਰਮਾਰ ਹੈ। ਹਰ ਰੋਜ਼ ਹਾਦਸੇ ਹੋ ਰਹੇ ਹਨ ਪ੍ਰੰਤੂ ਲੋਕ ਨਿਰਮਾਣ ਵਿਭਾਗ ਗੂੜ੍ਹੀ ਨੀਂਦ ਸੁੱਤਾ ਪਿਆ ਹੈ ਜਦਕਿ ਕਬਜ਼ਾਧਾਰੀ ਆਪਣੀਆਂ ਮਨਮਰਜ਼ੀਆਂ ਚਲਾ ਰਹੇ ਹਨ।
ਬਾਈਪਾਸ ਦੇ ਹਾਲਾਤ ਵੇਖ ਕਿ ਹੈਰਾਨੀ ਦੀ ਗੱਲ ਸਾਹਮਣੇ ਆਈ ਕਿ ਵਿਭਾਗੀ ਸੂਤਰਾਂ ਅਨਸਾਰ ਦੋਵੇ ਪਾਸੇ 24-24 ਫੁੱਟ ਸੜਕ ਬਣੀ ਹੋਈ ਹੈ 15 ਫੁੱਟ ਵਿਚਕਾਰ ਡਵਾਈਡਰ ਹੈ ਅਤੇ ਸੜਕ ਦੇ ਦੋਵੇ ਪਾਸੇ 20-20 ਮੀਟਰ ਸਰਕਾਰ ਦੀ ਥਾਂ ਹੈ ਪਰ ਸੜਕ ਦੇ ਦੋਵੇ ਕਿਨਾਰੇ ਬਣੇ ਹਸਪਤਾਲਾਂ ,ਢਾਬਿਆ ਦੀਆਂ ਪਾਰਕਿੰਗਾਂ ’ਚ ਵ੍ਹੀਕਲ ਖੜ੍ਹੇ ਰਹਿੰਦੇ ਹਨ ਅਤੇ ਕਈ ਦੁਕਾਨਦਾਰਾਂ ਨੇ ਤਾਂ ਆਪਣੇ ਵੇਚਣ ਵਾਲਾ ਸਮਾਨ ’ਚ ਸੜਕ ਤੋਂ ਥੋੜੀ ਦੂਰ ਹੀ ਰੱਖਿਆ ਹੋਇਆ।
ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਹੋ ਰਹੇ ਹਨ ਕਿ ਚੰਡੀਗੜ੍ਹ ਤੋਂ ਅੰਮਿਤਸਰ ਜਾਣ ਵਾਲੇ ਵ੍ਹੀਕਲਾਂ ਨਾਲ ਇਹ ਬਾਈਪਾਸ ਹਰ ਸਮੇਂ ਬਿਜ਼ੀ ਰਹਿੰਦਾ ਹੈ ਜਿਸ ’ਚ ਰੂਪਨਗਰ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਲੀਡਰ ਵੀ ਇਸੇ ਸੜਕ ਤੋਂ ਗੁਜ਼ਰਦੇ ਹਨ। ਕੀ ਉਨ੍ਹਾਂ ਦੀ ਕਦੇ ਨਿਗ੍ਹਾ ਨਹੀਂ ਪਈ? ਜਾਂ ਜਾਣ ਬੁੱਝ ਕੇ ਅੱਖਾਂ ਮੀਟ ਰੱਖੀਆਂ ਹਨ। ਵਿਭਾਗ ਇਨ੍ਹਾਂ ਕਬਜ਼ਿਆਂ ਸਬੰਧੀ ਇਹ ਕਹਿ ਕੇ ਪੱਲਾਂ ਝਾੜ ਲੈਂਦਾ ਹੈ ਕਿ ਕਾਰੋਬਾਰੀਆਂ ਨੇ ਰਸਤਿਆਂ ਦੀ ਇਜਾਜ਼ਤ ਲਈ ਹੋਈ ਹੈ ਪਰ ਇਹ ਤਾਂ ਨਹੀਂ ਕਿ ਉਹ ਪ੍ਰਮੀਸ਼ਨ ਦੀ ਆੜ ’ਚ ਸਰਕਾਰ ਦੀ ਜਗ੍ਹਾ ਦੀ ਨਾਜਾਇਜ਼ ਵਰਤੋਂ ਕਰੇ।
============
ਬਦ ਤੋਂ ਬਦਤਰ ਬਣੀ ਬਾਈਪਾਸ ਦੀ ਹਾਲਤ : ਆਗੂ
ਹਲਕਾ ਸੁਧਾਰ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀ ਮਾਜਰਾ, ਸੀਨੀਅਰ ਮੀਤ ਪ੍ਰਧਾਨ ਗਿਆਨ ਸਿੰਘ ਘਨੌਲੀ, ਮਾਸਟਰ ਅਵਤਾਰ ਸਿੰਘ ਲੋਦੀ ਮਾਜਰਾ, ਮਾਸਟਰ ਜਗਤਾਰ ਸਿੰਘ , ਰਣਜੀਤ ਸਿੰਘ ਪਤਿਆਲਾਂ ਆਦਿ ਨੇ ਕਿਹਾਕਿ ਦੱਸਿਆ ਕਿ 7 ਕਿਲੋਮੀਟਰ ਸੜਕ ਦੇ ’ਤੇ 412 ਲਾਇਟਾਂ ਵੱਡੇ ਖੰਭਿਆਂ ਨਾਲ ਲੱਗੀਆਂ ਹੋਈਆਂ ਹਨ, ਪਰ ਕਾਫੀ ਖੰਭੇ ਟੁੱਟ ਕੇ ਡਿੱਗ ਚੁੱਕੇ ਹਨ , ਹੁਣ ਸਿਰਫ 58 ਲਾਈਟਾਂ ਚੱਲਦੀਆਂ ਹਨ, ਇਹ ਗਿਣਤੀ ਦਿਨੋ-ਦਿਨ ਹੋਰ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਦੋਨੋ ਪਾਸੇ ਦੇ ਕਿਨਾਰਿਆਂ ਨੂੰ ਨਗਰ ਕੌਸਲ, ਰੂਪਨਗਰ ਕੂੜੇ ਦੇ ਡੰਪ ਵਜੋਂ ਵਰਤ ਰਹੀ ਹੈ। ਇਸ ਬਾਈਪਾਸ ਦੇ ਸੈਂਟਰ ਵਰਜ਼ ’ਚ ਲੱਗਿਆ ਹੋਇਆ ਨੀਂਹ ਪੱਥਰ ਝਾੜੀਆਂ ਦੇ ’ਚ ਲੁਕ ਚੁੱਕਾ ਹੈ। ਉਨ੍ਹਾਂ ਕਿਹਾ ਕਿ 180 ਕਰੋੜ ਦੀ ਲਾਗਤ ਨਾਲ ਬਣੇ ਇਸ ਬਾਈਪਾਸ ’ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਕਈ ਕਰੋੜ ਰੁਪਇਆ ਹੋਰ ਖਰਚਿਆ ਜਾ ਚੁੱਕਾ ਹੈ ਪਰ ਹਾਲਾਤ ਅੱਜ ਵੀ ਬਦ ਤੋਂ ਬਦਤਰ ਬਣੇ ਹੋਏ ਹਨ। ਹਲਕਾ ਸੁਧਾਰ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾਂ ਨੇ ਦੱਸਿਆ ਹੈ ਕਿ ਇਸ ਬਾਈਪਾਸ ਦਾ ਸੁੰਦਰੀਕਰਨ ਕਰਨ ਲਈ ਕਰੀਬ 2 ਸਾਲ ਪਹਿਲਾਂ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋ ਸਜਾਵਟੀ ਬੂਟੇ ਲਗਾਏ ਸੀ , ਖਾਸ ਕਰਕੇ 100 ਦੇ ਕਰੀਬ ਖਜੂਰਾਂ ਲਗਾਈਆਂ ਸਨ, ਜਿਨਾਂ ਦੀ ਅੰਦਾਜਨ ਕੀਮਤ 25 ਲੱਖ ਰੁਪਏ ਬਣਦੀ ਹੈ, ਜੋ ਅੱਜ ਸੁੱਕ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਾਈਪਾਸ ’ਤੇ ਬਣ ਰਹੇ ਵਪਾਰਕ ਅਦਾਰੇ ਆਪਣੀ ਮਰਜ਼ੀ ਨਾਲ ਡਵਾਈਡਰ ’ਚ ਕੱਟ ਬਣਾ ਰਹੇ ਹਨ ਜਿਹੜੇ ਹਾਦਸਿਆਂ ਦਾ ਕਾਰਨ ਬਣੇ ਹੋਏ ਹਨ।