ਸ਼੍ਰੀ ਰਾਮ ਤੇ ਮਾਤਾ ਸੀਤਾ ਦੇ ਜਨਮ ਦਾ ਹੋਇਆ ਮਨਮੋਹਕ ਮੰਚਨ ਸ੍ਰੀ ਰਾਮ-ਮਾਤਾ ਸੀਤਾ ਦੇ ਜਨਮ ਦਾ ਹੋਇਆ ਮਨਮੋਹਕ ਮੰਚਨ, ਮੁੱਖ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
Publish Date: Mon, 12 Oct 2026 04:38 PM (IST)
Updated Date: Mon, 12 Oct 2026 04:38 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਸ੍ਰੀ ਹਨੂੰਮਾਨ ਮੰਦਰ ਮਹਾਵੀਰ ਦਲ ਰੂਪਨਗਰ ਵੱਲੋਂ ਸਥਾਨਕ ਮਕਬਰਾ ਗ੍ਰਾਊਂਡ ਵਿਖੇ ਕਰਵਾਈ ਜਾ ਰਹੀ ਸਾਲਾਨਾ ਰਾਮਲੀਲਾ ਦੇ ਦੂਜੇ ਦਿਨ ਧਾਰਮਿਕ ਅਤੇ ਸੱਭਿਆਚਾਰਕ ਦ੍ਰਿਸ਼ਾਂ ਦੀ ਸੁੰਦਰ ਪੇਸ਼ਕਾਰੀ ਕੀਤੀ ਗਈ। ਮੰਚ ’ਤੇ ਕਲਾਕਾਰਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਰਾਮਾਇਣ ਕਾਲ ਦੇ ਮਹੱਤਵਪੂਰਨ ਪ੍ਰਸੰਗਾਂ ਨੂੰ ਜੀਵਤ ਕਰ ਦਿੱਤਾ। ਰਾਮਲੀਲਾ ਦੇ ਦੂਜੇ ਦਿਨ ਵਿਸ਼ੇਸ਼ ਤੌਰ ’ਤੇ ਮਹੇਸ਼ ਸਿੰਗਲਾ, ਕੌਸਲਰ ਸੁਖਵਿੰਦਰ ਸਿੰਘ ਪਟਵਾਰੀ, ਡਾ. ਅਨੁਪਮ ਸ਼ਰਮਾ ਅਤੇ ਮੋਹਿਤ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਾਮਲੀਲਾ ਕਮੇਟੀ ਅਤੇ ਮਹਾਵੀਰ ਦਲ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਮੁੱਖ ਮਹਿਮਾਨਾਂ ਨੇ ਰਾਮਲੀਲਾ ਕਮੇਟੀ ਦੇ ਇਸ ਧਾਰਮਿਕ ਅਤੇ ਸਮਾਜਿਕ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰਾਮਲੀਲਾ ਵਰਗੇ ਮਹਾਨ ਆਯੋਜਨ ਸਮਾਜ ਵਿਚ ਆਪਸੀ ਭਾਈਚਾਰੇ, ਧਾਰਮਿਕ ਸਦਭਾਵਨਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਭਗਵਾਨ ਸ੍ਰੀ ਰਾਮ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਰਾਮਲੀਲਾ ਦੀ ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਵੇਦਵਤੀ ਪ੍ਰਸੰਗ ਅਤੇ ਰਾਵਣ ਦੇ ਅੱਤਿਆਚਾਰਾਂ ਦਾ ਮੰਚਨ ਕੀਤਾ ਗਿਆ, ਜਿਸ ਵਿਚ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਰਾਵਣ ਦੇ ਅਨਿਆਂ ਨਾਲ ਪ੍ਰਿਥਵੀ ’ਤੇ ਧਰਮ ਦੀ ਹਾਨੀ ਹੋਣ ਲੱਗੀ ਸੀ। ਇਸ ਤੋਂ ਬਾਅਦ ਧਰਮ ਦੀ ਸਥਾਪਨਾ ਲਈ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੇ ਦਿਵਯ ਅਵਤਾਰ (ਰਾਮ ਜਨਮ) ਅਤੇ ਜਗਤ ਜਨਨੀ ਮਾਤਾ ਸੀਤਾ ਜੀ ਦੇ ਪ੍ਰਗਟ ਹੋਣ (ਸੀਤਾ ਜਨਮ) ਦੇ ਦ੍ਰਿਸ਼ਾਂ ਦਾ ਬਹੁਤ ਹੀ ਭਾਵੁਕ ਅਤੇ ਸ਼ਾਨਦਾਰ ਮੰਚਨ ਕੀਤਾ ਗਿਆ। ਜਿਵੇਂ ਹੀ ਮੰਚ ’ਤੇ ਬਾਲ ਰੂਪ ਸ੍ਰੀ ਰਾਮ ਅਤੇ ਮਾਤਾ ਸੀਤਾ ਦਾ ਆਗਮਨ ਹੋਇਆ, ਪੂਰਾ ਪੰਡਾਲ ਸ਼ਰਧਾਲੂਆਂ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਯੋਗੇਸ਼ ਗੁਪਤਾ ਅਤੇ ਮਹਾਵੀਰ ਦਲ ਦੇ ਪ੍ਰਧਾਨ ਕਪਿਲ ਦੇਵ ਸ਼ਰਮਾ ਨੇ ਪੁੱਜੇ ਹੋਏ ਸਾਰੇ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਮਹਾਵੀਰ ਦਲ ਦੇ ਪ੍ਰਧਾਨ ਸ਼ਰਮਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਮਲੀਲਾ ਕੇਵਲ ਮਨੋਰੰਜਨ ਦਾ ਸਾਧਨ ਨਹੀਂ, ਬਲਕਿ ਸਾਡੇ ਧਾਰਮਿਕ ਮੁਲਾਂ ਅਤੇ ਸੰਸਕਾਰਾਂ ਦਾ ਪ੍ਰਤੀਕ ਹੈ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਾਡੇ ਪੌਰਾਣਿਕ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਲਈ ਰੋਜ਼ਾਨਾ ਸਪਰਿਵਾਰ ਰਾਮਲੀਲਾ ਦੇਖਣ ਜ਼ਰੂਰ ਪਹੁੰਚਣ। ਰਾਮਲੀਲਾ ਦੇ ਦੂਜੇ ਦਿਨ ਵੀ ਮਕਬਰਾ ਗ੍ਰਾਊਂਡ ਵਿਚ ਭਾਰੀ ਗਿਣਤੀ ਵਿਚ ਸ਼ਰਧਾਲੂ ਉਮੜੇ ਅਤੇ ਪੂਰਾ ਮਾਹੌਲ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਇਸ ਮੌਕੇ ਮਹਾਵੀਰ ਦਲ ਅਤੇ ਰਾਮਲੀਲਾ ਕਮੇਟੀ ਦੇ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।