ਨਵਾਂ ਨੰਗਲ ਦੀ ਰਾਮਲੀਲਾ ’ਚ ਸੀਤਾ ਸਵੰਬਰ ਦਾ ਮਨਮੋਹਕ ਮੰਚਨ ਨਵਾਂ ਨੰਗਲ ਦੀ ਰਾਮਲੀਲਾ ਵਿੱਚ ਸੀਤਾ ਸਵੰਬਰ ਦਾ ਮਨਮੋਹਕ ਮੰਚਨ
Publish Date: Tue, 13 Oct 2026 05:34 PM (IST)
Updated Date: Tue, 13 Oct 2026 05:35 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਨਵਾਂ ਨੰਗਲ ਦੇ ਸੈਕਟਰ-2 ’ਚ ਸ਼੍ਰੀ ਰਾਘਵ ਕਲਾ ਮੰਚ ਵੱਲੋਂ ਪੇਸ਼ ਕੀਤੀ ਜਾ ਰਹੀ ਰਾਮਲੀਲਾ ਦੀ ਤੀਜੀ ਰਾਤ ਭਗਵਾਨ ਸ਼੍ਰੀ ਰਾਮ ਦੇ ਜੀਵਨ ਨਾਲ ਸਬੰਧਤ ਸੀਤਾ ਸਵੰਬਰ ਦਾ ਮਨਮੋਹਕ ਮੰਚਨ ਕੀਤਾ ਗਿਆ। ਇਸ ਦੌਰਾਨ ਅਹਿਲਿਆ ਉੱਧਾਰ, ਮਿਥਿਲਾ ਨਗਰੀ ’ਚ ਸੀਤਾ ਸਵੰਬਰ, ਸ਼ਿਵ ਧਨੁਸ਼ ਤੋੜਨ ਅਤੇ ਪਰਸ਼ੂਰਾਮ-ਲਕਸ਼ਮਣ ਸੰਵਾਦ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਮੰਚਨ ਦੌਰਾਨ ਦਿਖਾਇਆ ਗਿਆ ਕਿ ਭਗਵਾਨ ਸ਼੍ਰੀ ਰਾਮ, ਰਿਸ਼ੀ ਵਿਸ਼ਵਾਮਿੱਤਰ ਦੇ ਨਾਲ ਮਿਥਿਲਾ ਨਗਰੀ ਪਹੁੰਚਣ ਤੋਂ ਪਹਿਲਾਂ ਅਹਿਲਿਆ ਦਾ ਉੱਧਾਰ ਕਰਦੇ ਹਨ। ਇਸ ਤੋਂ ਬਾਅਦ ਉਹ ਰਾਜਾ ਜਨਕ ਦੀ ਸਭਾ ’ਚ ਪਹੁੰਚਦੇ ਹਨ, ਜਿੱਥੇ ਸੀਤਾ ਸਵੰਬਰ ਦਾ ਆਯੋਜਨ ਕੀਤਾ ਗਿਆ ਹੁੰਦਾ ਹੈ। ਰਾਜਾ ਜਨਕ ਵੱਲੋਂ ਰੱਖੀ ਗਈ ਸ਼ਰਤ ਅਨੁਸਾਰ ਸ਼ਿਵ ਧਨੁਸ਼ ’ਤੇ ਪ੍ਰਤਿਆੰਚਾ ਚੜ੍ਹਾਉਣ ਲਈ ਕਈ ਰਾਜੇ ਯਤਨ ਕਰਦੇ ਹਨ, ਪਰ ਸਫਲ ਨਹੀਂ ਹੋ ਪਾਉਂਦੇ। ਅੰਤ ’ਚ ਭਗਵਾਨ ਸ਼੍ਰੀ ਰਾਮ ਸ਼ਿਵ ਧਨੁਸ਼ ਨੂੰ ਤੋੜ ਕੇ ਮਾਤਾ ਸੀਤਾ ਨਾਲ ਵਿਆਹ ਦਾ ਰਾਹ ਪੱਧਰਾ ਕਰਦੇ ਹਨ। ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਰਾਮਾਇਣ ਦੇ ਇਨ੍ਹਾਂ ਪ੍ਰਸੰਗਾਂ ਨੂੰ ਜੀਵੰਤ ਕਰ ਦਿੱਤਾ। ਰਾਮਲੀਲਾ ਦੀ ਸ਼ੁਰੂਆਤ ਵਿਧੀਵਤ ਆਰਤੀ ਨਾਲ ਹੋਈ। ਇਸ ਮੌਕੇ ਗੀਤਾ ਮੰਦਰ ਕਮੇਟੀ ਦੇ ਮੁਖੀ ਰਾਜੇਸ਼ ਸ਼ਰਮਾ, ਸ਼ਿਵ ਸ਼ਕਤੀ ਮੰਦਰ ਦੇ ਮੁੱਖੀ ਆਰ.ਐੱਨ. ਸ਼ਰਮਾ, ਵਾਲਮੀਕਿ ਮੰਦਰ ਦੇ ਮੁੱਖੀ ਵਰਿੰਦਰ ਆਦਿਆ, ਰਵਿਦਾਸ ਮੰਦਰ ਦੇ ਮੁੱਖੀ ਸੁਰਿੰਦਰ ਕੁਮਾਰ, ਹੇਮ ਰਾਜ ਸੈਣੀ, ਧੀਰਜ ਵਾਲੀਆ, ਅਖਿਲ, ਵਿਸ਼ਾਲ, ਵਿੱਕੀ, ਤਰੁਣ ਪੁਰੀ, ਬੰਤੂ, ਤੇਜਿੰਦਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਨਾਟਕ ’ਚ ਰਾਜਾ ਜਨਕ ਦੀ ਭੂਮਿਕਾ ਸੰਜੀਵ ਸ਼ਰਮਾ, ਭਗਵਾਨ ਸ਼੍ਰੀ ਰਾਮ ਦੀ ਭੂਮਿਕਾ ਅਨੰਤ ਦੇਵ, ਲਕਸ਼ਮਣ ਦੀ ਭੂਮਿਕਾ ਸੁਲਭ ਰਾਣਾ, ਸੀਤਾ ਦੀ ਭੂਮਿਕਾ ਮੋਹਿਤ, ਅਹਿਲਿਆ ਦੀ ਭੂਮਿਕਾ ਪਿਊਸ਼ ਅਤੇ ਪਰਸ਼ੂਰਾਮ ਦੀ ਭੂਮਿਕਾ ਕਮਲ ਨੇ ਨਿਭਾਈ। ਨਿਰਦੇਸ਼ਕ ਸੰਜੀਵ ਕੁਰਾਲੀਆ ਦੀ ਅਗਵਾਈ ਹੇਠ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਮੰਚ ਦੇ ਬੁਲਾਰੇ ਰਾਕੇਸ਼ ਵਰਮਾ ਨੇ ਦੱਸਿਆ ਕਿ ਜਿਵੇਂ-ਜਿਵੇਂ ਰਾਮਲੀਲਾ ਦੇ ਪ੍ਰਸੰਗ ਅੱਗੇ ਵਧ ਰਹੇ ਹਨ, ਉਸੇ ਤਰ੍ਹਾਂ ਦਰਸ਼ਕਾਂ ਦੀ ਗਿਣਤੀ ’ਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ’ਚ ਰਾਮਲੀਲਾ ਦੇਖਣ ਲਈ ਹੋਰ ਵੀ ਵੱਡੀ ਗਿਣਤੀ ’ਚ ਲੋਕ ਪਹੁੰਚਣਗੇ।