- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੀਆ ਮੰਗਾਂ ਨੂੰ ਲੈ ਕੇ ਮੁਲਾਜ਼ਮ ਦੂਜੇ ਦਿਨ ਵੀ ਸਰਕਾਰ ਦੇ ਖਿਲਾਫ਼ ਗਰਜ਼ਦੇ ਰਹੇ

ਆਉਣ ਵਾਲੇ ਸਮੇਂ ’ਚ ਉਲੀਕੇ ਜਾਣਗੇ ਤਿੱਖੇ ਸੰਘਰ•ਸ਼
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੰਚ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਵੀਰਵਾਰ ਨੂੰ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਦੇ ਦੂਜੇ ਦਿਨ ਵੀ ਲੈ ਕੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਰੋਸ ਰੈਲੀ ਕਰਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਰੋਸ ਰੈਲੀ ਦੌਰਾਨ ਜ਼ਿਲ੍ਹੇ ਦੇ ਸਮੂਹ ਦਫ਼ਤਰੀ/ਖੇਤਰੀ ਕਾਮਿਆਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਪੁਰਾਣੀ ਪੈਂਨਸ਼ਨ ਦੀ ਬਹਾਲੀ, ਮਹਿੰਗਾਈ ਭੱਤੇ ਦੀ ਕਿਸ਼ਤਾਂ ਜਾਰੀ, ਪ੍ਰੋਬੇਸ਼ਨ ਸਮੇਂ ਦੌਰਾਨ ਪੂਰੀ ਤਨਖਾਹ, 15 ਜਨਵਰੀ 2015 ਅਤੇ 17 ਜੁਲਾਈ 2020 ਦੇ ਪੱਤਰ ਰੱਦ ਕਰਵਾਉਣਾ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਨਾ ਦੇਣਾ, ਕੱਚੇ ਮੁਲਾਜ਼ਮ ਪੱਕੇ ਕਰਨਾ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਕਿਹਾ ਗਿਆ ਸੀ ਕਿ ਹੜਤਾਲ ਅਤੇ ਮੀਟਿੰਗ ਇਕੱਠਿਆਂ ਨਹੀਂ ਹੋ ਸਕਦੀਆਂ, ਉਥੇ ਅਕਤੂਬਰ ਦੇ ਪਹਿਲੇ ਹਫ਼ਤੇ ਹੋਣ ਵਾਲੀ ਮੀਟਿੰਗ ਅੱਜ ਤੱਕ ਨਹੀਂ ਹੋਈ। ਜਿਸ ਦੇ ਰੋਸ ਵਜੋਂ ਮਿਤੀ 10 ਅਕਤੂਬਰ 2026 ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਗਈ।
ਇਸੇ ਲੜੀ ਵਿਚ ਮਿਤੀ 21 ਅਕਤੂਬਰ2026 ਅਤੇ 22 ਅਕਤੂਬਰ 2026 ਨੂੰ ਸਮੂਹ ਦਫ਼ਤਰੀ ਕਾਮੇ ਸਮੂਹਿਕ ਛੁੱਟੀ ਤੇ ਰਹਿਣ ਦਾ ਐਕਸ਼ਨ ਦਿਤਾ ਗਿਆ ਸੀ, ਜਿਸ ਨੂੰ ਤੋੜਨ ਲਈ, ਮੁੱਖ ਸਕੱਤਰ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਨਾਲ ਜੋ ਮੀਟਿੰਗ ਮਿਤੀ 21 ਅਕਤੂਬਰ 2026 ਰੱਖੀ ਗਈ ਸੀ, ਉਸ ਨੂੰ ਮੁੱਢੋਂ ਨਕਾਰਿਆ ਗਿਆ। ਰੈਲੀ ਵਿਚ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਤੋਂ ਕਲੈਰੀਕਲ ਸਟਾਫ, ਅਧਿਆਪਕ, ਤਕਨੀਕੀ ਸਟਾਫ ਜੇਈਜ਼, ਰੋਡਵੇਜ਼ ਵਿਭਾਗ, ਡਰਾਈਵਰ, ਸੇਵਾਦਾਰ, ਸਵੀਪਰ, ਬੇਲਦਾਰ, ਬਿਜਲੀ ਵਿਭਾਗ, ਮਿਡ ਡੇ ਮੀਲ, ਆਂਗਣਵਾੜੀ, ਡਾਕਟਰ ਐਸੋਸੀਏਸ਼ਨ ਆਮ ਆਦਮੀ ਕਲੀਨਿਕ ਦੇ ਸਮੂਹ ਕਰਮਚਾਰੀ ਅਤੇ ਕੰਟਰੈਕਟ/ਆਉਟ ਸੋਰਸ ਕਾਮਿਆਂ ਨੇ ਭਰਵੀਂ, ਸ਼ਮੂਲੀਅਤ ਕੀਤੀ, ਉੱਧਰ ਆਮ ਰੂਟੀਨ ਦੇ ਕੰਮ ਕਰਵਾਉਣ ਆਏ ਲੋਕਾਂ ਨੂੰ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪਿਆ।
ਆਗੂਆਂ ਨੇ ਕਿਹਾ ਕਿ ਕਰਮਚਾਰੀ ਅਤੇ ਪੈਨਸ਼ਨਰਜ਼ ਚਾਹੁੰਦੇ ਹਨ ਕਿ ਜੋ ਵੀ ਮੀਟਿੰਗ ਹੋਣੀ ਹੈ ਉਹ ਮੁੱਖ ਮੰਤਰੀ ਪੰਜਾਬ, ਨਾਲ ਹੀ ਹੋਵੇਗੀ। ਜਥੇਬੰਦੀਆਂ ਆਗੂਆ ਨੇ ਕਿਹਾ ਕਿ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿਚ ਸਮੂਹ ਦਫ਼ਤਰੀ ਕਾਮਿਆਂ ਵੱਲੋਂ ਸਰਕਾਰ ਦੇ ਖਿਲਾਫ਼ ਹੋਰ ਵੀ ਤਿੱਖੇ ਸੰਘਰਸ਼ ਉਲੀਕੇ ਜਾਣਗੇ।
ਇਸ ਮੋਕੇ ਅਮਰਜੀਤ ਸਿੰਘ ਗਰੇਵਾਲ, ਜਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਸੁਰਤਾਪੁਰੀ ਕਨਵੀਨਰ, ਰਾਧੇ ਸ਼ਾਮ ਪ੍ਰਧਾਨ, ਬਲਜਿੰਦਰ ਸਿੰਘ ਸ਼ਾਂਤਪੁਰੀ, ਅਵਤਾਰ ਸਿੰਘ ਧਨੋਆ, ਧਰਮਿੰਦਰ ਸਿੰਘ ਭੰਗੂ, ਹਰਜਿੰਦਰ ਸਿੰਘ, ਮਨੋਜ ਕੁਮਾਰ ਪ੍ਰਧਾਨ, ਕਰਮਵੀਰ ਸਿੰਘ ਡੀਸੀ. ਦਫਤਰ, ਹਰਜਿੰਦਰ ਸਿੰਘ ਬਿਜਲੀ ਵਿਭਾਗ, ਮਾਸਟਰ ਕੁਲਵੰਤ ਸਿੰਘ, ਗਿਆਨ ਸਿੰਘ ਘਨੌਲੀ, ਜਸਵਿੰਦਰ ਸਿੰਘ ਕਾਂਗੜ, ਗੁਰਵਿੰਦਰ ਸਿੰਘ ਹਜਾਰਾ, ਗੁਰਪ੍ਰੀਤ ਗਿੱਲ, ਅਮਨਦੀਪ ਸਿੰਘ ਜਨਰਲ ਸਕੱਤਰ, ਗਗਨ ਰਾਣਾ, ਰਵਿੰਦਰ ਸਿੰਘ ਰਵੀ, ਗੁਰਚਰਨ ਸਿੰਘ ਆਲੋਵਾਲ, ਧਰਮਪਾਲ ਸੋਖਲ, ਮਨਪ੍ਰੀਤ ਕੌਰ ਸਟੂਡੈਂਟ ਯੂਨੀਅਨ, ਰਣਜੀਤ ਸਿੰਘ ਗਿੱਲ, ਸੰਦੀਪ ਭੱਟ, ਜਸਵਿੰਦਰ ਕੌਰ, ਕਮਲਜੀਤ ਕੌਰ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ ਖੇੜੀ, ਜਗਤਾਰ ਸਿੰਘ ਗਿੱਲ, ਪਰਮਜੀਤ ਸਿੰਘ, ਰਾਮ ਲੁਭਾਇਆ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ/ਜਥੇਬੰਦੀਆਂ ਤੋ ਬਹੁ ਗਿਣਤੀ ਵਿਚ ਅਹੁਦੇਦਾਰ/ਕਰਮਚਾਰੀ ਸ਼ਾਮਿਲ ਸਨ।