ਆਰਬੀਯੂ ਦੇ ਕਨਕਲੇਵ ’ਚ ਉਦਯੋਗ-ਅਕਾਦਮਿਕ ਸਹਿਯੋਗ ਮਜ਼ਬੂਤ ਕਰਨ ਤੇ ਰੁਜ਼ਗਾਰ ਯੋਗਤਾ ਵਧਾਉਣ ’ਤੇ ਜ਼ੋਰ ਆਰਬੀਯੂ ਦੇ ਕਨਕਲੇਵ ਵਿਚ ਉਦਯੋਗ-ਅਕਾਦਮਿਕ ਸਹਿਯੋਗ ਮਜ਼ਬੂਤ ਕਰਨ ਅਤੇ ਰੁਜ਼ਗਾਰ ਯੋਗਤਾ ਵਧਾਉਣ ’ਤੇ ਜ਼ੋਰ
Publish Date: Sat, 24 Oct 2026 04:29 PM (IST)
Updated Date: Sat, 24 Oct 2026 04:31 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਇੰਡਸਟਰੀ-ਸਕਿੱਲ ਇਨੋਵੇਸ਼ਨ ਐਂਡ ਇੰਪਲਾਇਬਿਲਟੀ ਕਨਕਲੇਵ -2026 ਕਰਵਾਇਆ ਗਿਆ। ਇਸ ਕਨਕਲੇਵ ’ਚ ਉਦਯੋਗ ਜਗਤ ਦੇ ਮਾਹਿਰਾਂ, ਉੱਦਮੀਆਂ, ਵਿਗਿਆਨੀਆਂ ਅਤੇ ਅਕਾਦਮਿਕ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦਾ ਮੁੱਖ ਉਦੇਸ਼ ਉਦਯੋਗ ਅਤੇ ਸਿੱਖਿਆ ਸੰਸਥਾਵਾਂ ਵਿਚਕਾਰ ਸਹਿਯੋਗ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਤੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣਾ ਸੀ। ਇਹ ਕਨਕਲੇਵ ਯੂਨੀਵਰਸਿਟੀ ਸਕੂਲ ਆਫ਼ ਲਾਈਫ਼ ਸਾਇੰਸਿਜ਼, ਯੂਨੀਵਰਸਿਟੀ ਸਕੂਲ ਆਫ਼ ਸਾਇੰਸਿਜ਼ ਅਤੇ ਯੂਨੀਵਰਸਿਟੀ ਸਕੂਲ ਆਫ਼ ਸਕਿੱਲ ਐਨਹਾਂਸਮੈਂਟ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਸੰਮੇਲਨ ਦੀ ਕਨਵੀਨਰ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. (ਡਾ.) ਸਿਮਰਜੀਤ ਕੌਰ ਨੇ ਦੱਸਿਆ ਕਿ ਸਮਾਗਮ ’ਚ ਫਾਰਮਾਸਿਊਟੀਕਲਜ਼, ਬਾਇਓਟੈਕਨਾਲੋਜੀ, ਲਾਈਫ਼ ਸਾਇੰਸਿਜ਼, ਸੂਚਨਾ ਤਕਨਾਲੋਜੀ, ਖੋਜ, ਉੱਦਮਤਾ ਅਤੇ ਮਨੁੱਖੀ ਸਰੋਤ ਪ੍ਰਬੰਧਨ ਦੇ ਖੇਤਰਾਂ ਨਾਲ ਸਬੰਧਤ 14 ਮਾਹਿਰਾਂ ਨੇ ਭਾਗ ਲਿਆ। ਇਨ੍ਹਾਂ ’ਚ ਜਾਵੇਦ ਇਮਾਮ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਅਰਿਸਟੋ ਫਾਰਮਾਸਿਊਟੀਕਲਜ਼; ਗੌਰਵ ਵਤਸ, ਸੰਸਥਾਪਕ ਅਤੇ ਸੀਈਓ, ਐਕਸੋਟਿਕਾ ਆਈਟੀ ਸਲਿਊਸ਼ਨਜ਼; ਬਲਪ੍ਰੀਤ ਸਿੰਘ ਸਹਿਗਲ, ਸੰਸਥਾਪਕ, ਕਰੀਏਟਿਵ ਚਾਕਲੇਟਸ; ਡਾ. ਸ਼ਸ਼ੀ ਕੁਮਾਰ ਰਾਣਾ, ਐਮਡੀ, ਬਾਇਓਏਜ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ; ਡਾ. ਸੁਧੀਰ ਕੁਮਾਰ ਸ਼ਰਮਾ, ਸੰਸਥਾਪਕ ਨਿਰਦੇਸ਼ਕ ਅਤੇ ਸੀਈਓ, ਐਨਪੈਰਿਸ ਬਾਇਓ ਪ੍ਰਾਈਵੇਟ ਲਿਮਟਿਡ; ਮਦਨ ਸ਼ਰਮਾ, ਸੰਸਥਾਪਕ ਅਤੇ ਨਿਰਦੇਸ਼ਕ, ਗਲੋਬਲ ਐਪੀਅਰੀਜ਼; ਅਤੇ ਡਾ. ਸੁਮਨ ਸਿੰਘ, ਵਿਗਿਆਨੀ-ਐੱਫ, ਸੀਐਸਆਈਆਰ-ਸੀਐਸਆਈਓ, ਚੰਡੀਗੜ੍ਹ ਸ਼ਾਮਲ ਸਨ। ਹੋਰ ਭਾਗੀਦਾਰਾਂ ’ਚ ਹਰਦੀਪ ਮਮਰਥ, ਮੈਨੇਜਿੰਗ ਪਾਰਟਨਰ, ਐੱਮਬੀ. ਮਸ਼ੀਨਰੀ ਕਾਰਪੋਰੇਸ਼ਨ, ਡਾ. ਸ਼ਵੇਤਾ ਸੇਨ ਥਲਵਾਲ, ਸੰਸਥਾਪਕ ਅਤੇ ਸੀਈਓ, ਇੰਟੀਗ੍ਰਮ ਆਈਪੀ; ਡਾ. ਕਵਿਤਾ ਰਾਣਾ, ਸੰਸਥਾਪਕ ਅਤੇ ਨਿਰਦੇਸ਼ਕ, ਰੈਪਚਰ ਬਾਇਓਟੈਕ ਪ੍ਰਾਈਵੇਟ ਲਿਮਟਿਡ; ਰੋਜ਼ੀ ਸਿੰਗਲਾ, ਯੰਗ ਪ੍ਰੋਫੈਸ਼ਨਲ, ਨੈਸ਼ਨਲ ਕਰੀਅਰ ਸਰਵਿਸ ਆਦਿ ਸ਼ਾਮਲ ਸਨ। ਕਨਕਲੇਵ ਦਾ ਮੁੱਖ ਆਕਰਸ਼ਣ “ਹੁਨਰ, ਨਵੀਨਤਾ ਅਤੇ ਰੁਜ਼ਗਾਰ ਯੋਗਤਾ ਵਿਸ਼ੇ ’ਤੇ ਪੈਨਲ ਚਰਚਾ ਰਹੀ। ਇਸ ਦੌਰਾਨ ਉਦਯੋਗ ਦੀਆਂ ਬਦਲਦੀਆਂ ਲੋੜਾਂ, ਤਕਨੀਕੀ ਤਰੱਕੀ, ਉੱਦਮਤਾ, ਨਵੇਂ ਕਰੀਅਰ ਮੌਕਿਆਂ ਅਤੇ ਪੇਸ਼ੇਵਰ ਸਫ਼ਲਤਾ ਲਈ ਜ਼ਰੂਰੀ ਵਿਹਾਰਕ ਹੁਨਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਹਰਾਂ ਨੇ ਉਦਯੋਗ ਦੀਆਂ ਲੋੜਾਂ ਅਨੁਸਾਰ ਸਿੱਖਿਆ, ਵਿਹਾਰਕ ਸਿਖਲਾਈ, ਸੰਚਾਰ ਹੁਨਰ, ਨਵੀਨਤਾ ਅਤੇ ਬਦਲਦੇ ਹਾਲਾਤਾਂ ਅਨੁਸਾਰ ਢਲਣ ਦੀ ਯੋਗਤਾ ਨੂੰ ਵਿਦਿਆਰਥੀਆਂ ਲਈ ਅਹਿਮ ਦੱਸਿਆ। ਉਨ੍ਹਾਂ ਨੇ ਹੁਨਰਾਂ ਦੀ ਘਾਟ ਨੂੰ ਦੂਰ ਕਰਨ ਲਈ ਉਦਯੋਗ ਅਤੇ ਸਿੱਖਿਆ ਸੰਸਥਾਵਾਂ ਵਿਚਕਾਰ ਨਜ਼ਦੀਕੀ ਸਹਿਯੋਗ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਕਨਕਲੇਵ ਦੇ ਮੁੱਖ ਸਰਪ੍ਰਸਤ ਅਤੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਉਦਯੋਗ ਦੀਆਂ ਲੋੜਾਂ ਅਨੁਸਾਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਯੂਨੀਵਰਸਿਟੀ ਦੀ ਵਚਨਬੱਧਤਾ ਦੁਹਰਾਈ। ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਉਦਯੋਗ ਦੇ ਮਾਹਿਰਾਂ ਨਾਲ ਸਿੱਧਾ ਸੰਵਾਦ ਕਰਨ ਅਤੇ ਨਵੇਂ ਕਰੀਅਰ ਮੌਕਿਆਂ ਨੂੰ ਸਮਝਣ ਦਾ ਮੌਕਾ ਦਿੰਦੇ ਹਨ। ਇਸ ਮੌਕੇ ਪ੍ਰੋ-ਵਾਈਸ-ਚਾਂਸਲਰ ਡਾ. ਸਤੀਸ਼ ਕੁਮਾਰ ਵੀ ਮੌਜੂਦ ਸਨ। ਡੀਨ ਵਿਦਿਆਰਥੀ ਭਲਾਈ ਅਤੇ ਕਨਕਲੇਵ ਦੀ ਕਨਵੀਨਰ ਪ੍ਰੋ. (ਡਾ.) ਸਿਮਰਜੀਤ ਕੌਰ ਨੇ ਨਵੀਨਤਾ, ਉੱਦਮਤਾ ਅਤੇ ਪੇਸ਼ੇਵਰ ਵਿਕਾਸ ਲਈ ਉਦਯੋਗ-ਅਕਾਦਮਿਕ ਸਾਂਝ ਨੂੰ ਲਗਾਤਾਰ ਮਜ਼ਬੂਤ ਕਰਨ ਦੀ ਮਹੱਤਤਾ ਉਜਾਗਰ ਕੀਤੀ। ਕਨਕਲੇਵ ਦੀ ਸਮਾਪਤੀ ਸੰਸਥਾਗਤ ਸਾਂਝੇਦਾਰੀ ਮਜ਼ਬੂਤ ਕਰਨ, ਹੁਨਰ-ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੇ ਸੰਕਲਪ ਨਾਲ ਹੋਈ।