ਬਜ਼ੁਰਗ ਨੇ ਨਹਿਰ ’ਚ ਛਾਲ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ ਬਜ਼ੁਰਗ ਨੇ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
Publish Date: Sat, 29 Aug 2026 06:23 PM (IST)
Updated Date: Sat, 29 Aug 2026 06:25 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਪੁਲਿਸ ਨੇ ਪਿੰਡ ਕਜੌਲੀ ਨੇੜਿਓਂ ਲੰਘਦੀ ਬੀਐੱਮਐੱਲ ਨਹਿਰ ਵਿੱਚੋਂ ਇੱਕ ਬਜ਼ੁਰਗ ਦੀ ਲਾਸ਼ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿਦੇ ਹੋਏ ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਮਾਰਗ ’ਤੇ ਪਿੰਡ ਰਾਮਗੜ੍ਹ-ਚੱਕਲਾਂ ਕੋਲ ਇਕ ਬਜ਼ੁਰਗ ਨੇ ਆਪਣੀ ਐਕਟਿਵਾ ਨਹਿਰ ਦੇ ਪੁੱਲ ’ਤੇ ਖੜਾ ਕੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਮਿਲਦੇ ਹੀ ਉਹ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਐਕਟਿਵਾ ਦੀ ਚਾਬੀ ਵਿਚ ਹੀ ਲੱਗ ਸੀ ਅਤੇ ਜਾਂਚ ਦੌਰਾਨ ਡਿੱਗੀ ਵਿਚੋਂ ਆਧਾਰ ਕਾਰਡ ਮਿਲਿਆ। ਉਨ੍ਹਾਂ ਦੱਸਿਆ ਕਿ ਛਾਲ ਮਾਰਨ ਵਾਲੇ ਬਜ਼ੁਰਗ ਦੀ ਪਹਿਚਾਣ ਰਾਮ ਸਿੰਘ ਪੁੱਤਰ ਮੁਨੀ ਲਾਲ ਵਾਸੀ ਮਕਾਨ ਨੰਬਰ-2184, ਸੈਕਟਰ-68 ਐੱਸਏਐੱਸ ਨਗਰ (ਮੋਹਾਲੀ) ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਤੁਰੰਤ ਗੋਤਾਖੋਰਾਂ ਵੱਲੋਂ ਬਜ਼ੁਰਗ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਪਿੰਡ ਕਜੌਲੀ ਨੇੜੇ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ। ਉਨ੍ਹਾਂ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਗਈ ਅਤੇ ਉਸ ਦਾ ਬੇਟਾ ਮਨਿੰਦਰ ਸਿੰਘ ਵੀ ਮੌਕੇ ’ਤੇ ਪਹੁੰਚ ਗਿਆ ਉਤੇ ਉਸਨੇ ਲਾਸ਼ ਦੀ ਸ਼ਨਾਖਤ ਕਰਨ ਦੌਰਾਨ ਦੱਸਿਆ ਉਹ ਆਪਣੇ ਮਾਤਾ-ਪਿਤਾ ਅਤੇ ਪਤਨੀ ਸਮੇਤ ਮੋਹਾਲੀ ਵਿਖੇ ਰਹਿੰਦੇ ਹਨ ਤੇ ਉਸ ਦੇ ਪਿਤਾ ਤਰਖਾਣ ਦਾ ਕੰਮ ਕਰਦੇ ਸਨ ਪ੍ਰੰਤੂ ਪਿਛਲੇ 5-6 ਮਹੀਨਿਆਂ ਤੋਂ ਕੋਈ ਕੰਮ ਨਾ ਮਿਲਣ ਕਾਰਨ ਉਹ ਦਿਮਾਗੀ ਤੌਰ ’ਤੇ ਪਰੇਸ਼ਾਨ ਸਨ। ਉਸ ਨੇ ਦੱਸਿਆ ਕਿ ਉਸਦੇ ਪਿਤਾ ਪਿਤਾ ਘਰੋਂ ਸਤਸੰਗ ਘਰ ਜਾਣ ਲਈ ਕਹਿ ਕੇ ਗਏ ਸਨ ਪ੍ਰੰਤੂ ਉਹ ਵਾਪਸ ਘਰ ਨਹੀਂ ਪਹੁੰਚੇ। ਉਸ ਨੇ ਦੱਸਿਆ ਕਿ ਇਸ ਦੌਰਾਨ ਪੁਲਿਸ ਵੱਲੋਂ ਉਸ ਨੂੰ ਉਸ ਦੇ ਪਿਤਾ ਦੇ ਨਹਿਰ ਵਿਚ ਛਾਲ ਮਾਰਨ ਸਬੰਧੀ ਸੂਚਨਾ ਦਿੱਤੀ ਗਈ। ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਬੇਟੇ ਦੇ ਬਿਆਨਾਂ ਦੇ ਆਧਾਰ ’ਤੇ ਬੀਐੱਨਐੱਸ ਦੀ ਧਾਰਾ 194 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।