ਕਚਹਿਰੀਆਂ ’ਚ ਗੂੰਜੇ ‘ਗੂੰਗੀ-ਬੋਲੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Publish Date: Thu, 15 Oct 2026 04:04 PM (IST)
Updated Date: Thu, 15 Oct 2026 04:06 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਵਿਰੋਧ ’ਚ ਅੱਜ ਭਾਰਤੀ ਜਨਤਾ ਪਾਰਟੀ ਮੰਡਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਦੀ ਪ੍ਰਧਾਨਗੀ ਅਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਦੌਰਾਨ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪੁਤਲਾ ਫੂਕਿਆ। ਕਚਹਿਰੀਆਂ ’ਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਦੀ ਅਗਵਾਈ ਹੇਠ ‘ਗੂੰਗੀ-ਬੋਲੀ ਸਰਕਾਰ ਮੁਰਦਾਬਾਦ’, ‘ਨਸ਼ੇ ਵੇਚਣ ਵਾਲੀ ਸਰਕਾਰ ਮੁਰਦਾਬਾਦ’ ਅਤੇ ‘ਗੋਲੀਆਂ ਚਲਾਉਣ ਵਾਲੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਗੂੰਜਦੇ ਰਹੇ। ਭਾਜਪਾ ਆਗੂਆਂ ਨੇ ਪਰਮਿੰਦਰ ਸਿੰਘ ਝੋਟਾ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਕਰਦਿਆਂ ਸਰਕਾਰ ਦੀ ਕਾਰਗੁਜ਼ਾਰੀ ਵਿਰੁੱਧ ਆਪਣਾ ਰੋਸ ਪ੍ਰਗਟਾਇਆ। ਪ੍ਰਦਰਸ਼ਨ ਉਪਰੰਤ ਭਾਜਪਾ ਕਾਰਕੁਨਾਂ ਵੱਲੋਂ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਐੱਸਡੀਐੱਮ ਸ੍ਰੀ ਅਨੰਦਪੁਰ ਸਾਹਿਬ ਨੂੰ ਸੌਂਪਿਆ ਗਿਆ। ਇਸ ਰਾਹੀਂ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਅਤੇ ਮਾਮਲੇ ਦੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨਿਪੁੰਨ ਸੋਨੀ, ਮੀਤ ਪ੍ਰਧਾਨ ਅਮਰ ਸੋਢੀ, ਜਨਰਲ ਸਕੱਤਰ ਪਰਦੀਪ ਕੋਟਲਾ, ਦਲਜੀਤ ਸਿੰਘ ਮਾਂਗੇਵਾਲ, ਮੋਹਿੰਦਰ ਸਿੰਘ, ਯੁਵਾ ਮੋਰਚਾ ਪ੍ਰਧਾਨ ਮੰਨੂ ਕਾਹਿਵਾਲ, ਸ਼ਾਂਤਨੂ, ਸਤਵਿੰਦਰ ਸਿੰਘ, ਕਮਲ ਕਾਲਾ, ਮਦਨ ਮੱਦੀ, ਜੋਧਾ ਬਨੀ, ਬਲਵਿੰਦਰ ਦੋਲੋਵਾਲ, ਮੋਹਿਤ ਸ਼ਰਮਾ, ਬਰਿੰਦਰ ਵਿੱਕੀ, ਹਰਮਨਜੀਤ ਸਿੰਘ ਪ੍ਰਿੰਸ, ਸੁਭੇਗ ਸਿੰਘ ਸੂਬਾ, ਜਗਦੀਪ ਸਿੰਘ ਪਿੰਕੂ, ਰਮਨ ਸ਼ਰਮਾ ਅਤੇ ਮਹਿਲਾ ਮੋਰਚਾ ਪ੍ਰਧਾਨ ਮੀਨੂ ਗਾਂਧੀ, ਪਰਵੀਨ ਕੌਸ਼ਲ, ਵੰਦਨਾ ਸ਼ਾਰਦਾ ਸਮੇਤ ਵੱਡੀ ਗਿਣਤੀ ’ਚ ਭਾਜਪਾ ਵਰਕਰ ਮੌਜੂਦ ਸਨ।