ਡਰੱਗ ਇੰਸਪੈਕਟਰ ਵੱਲੋਂ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਡਰੱਗ ਇੰਸਪੈਕਟਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਵਾਈਆਂ ਦੀਆਂ ਦੁਕਾਨਾਂ ਦੀ ਕੀਤੀ ਗਈ ਚੈਕਿੰਗ
Publish Date: Wed, 14 Oct 2026 06:05 PM (IST)
Updated Date: Wed, 14 Oct 2026 06:06 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਡਰੱਗ ਇੰਸਪੈਕਟਰ ਮੈਡਮ ਹਰਪ੍ਰੀਤ ਕੌਰ ਵੱਲੋਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਜਤਿਨ ਕਪੂਰ ਦੀ ਹਾਜ਼ਰੀ ’ਚ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਵਾਈਆਂ ਦੀਆਂ ਦੁਕਾਨਾਂ ਦੀ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਭਾਵੇਂ ਕਿ ਕਿਸੇ ਵੀ ਕੈਮਿਸਟ ਸ਼ਾਪ ਤੋਂ ਪਾਬੰਦੀ ਸ਼ੁਦਾ ਦਵਾਈਆਂ ਬਰਾਮਦ ਨਹੀਂ ਹੋਈਆਂ, ਪ੍ਰੰਤੂ ਫਿਰ ਵੀ ਡਰੱਗ ਇੰਸਪੈਕਟਰ ਮੈਡਮ ਹਰਪ੍ਰੀਤ ਕੌਰ ਵੱਲੋਂ ਦਵਾਈਆਂ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਸਖਤੀ ਨਾਲ ਚੇਤਾਵਨੀ ਦਿੱਤੀ ਗਈ ਕਿ ਕੋਈ ਵੀ ਦੁਕਾਨਦਾਰ ਪਾਬੰਦੀਸ਼ੁਦਾ ਅਤੇ ਨਸ਼ੇ ਵਾਲੀਆਂ ਦਵਾਈਆਂ ਵੇਚਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਅਗਰ ਕੋਈ ਦੁਕਾਨਦਾਰ ਨਸ਼ੇ ਵਾਲੀਆਂ ਦਵਾਈਆਂ ਵੇਚਦਾ ਫੜਿਆ ਗਿਆ ਤਾਂ ਉਸਦਾ ਲਾਇਸੈਂਸ ਕੈਂਸਲ ਕਰਨ ਦੇ ਨਾਲ-ਨਾਲ ਉਸਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਡਰੱਗ ਇੰਸਪੈਕਟਰ ਮੈਡਮ ਹਰਪ੍ਰੀਤ ਕੋਰ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਵਾਈਆਂ ਦੀ ਦੁਕਾਨਾਂ ਦੀ ਕੀਤੀ ਗਈ ਇਸ ਚੈਕਿੰਗ ਨੂੰ ਬੀਤੇ ਦਿਨੀਂ ਸਮਾਣਾ ਸ਼ਹਿਰ ਵਿਖੇ ਵਾਪਰੀ ਘਟਨਾ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿੱਥੇ ਇੱਕ ਦਵਾਈਆਂ ਵੇਚਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਵੱਲੋਂ ਬਾਕੀ ਦਵਾਈਆਂ ਦੇ ਨਾਲ-ਨਾਲ ਨਸ਼ੇ ਵਾਲੀਆਂ ਦਵਾਈਆਂ ਵੀ ਵੇਚੀਆਂ ਜਾ ਰਹੀਆਂ ਸਨ, ਜਿਸ ਦਾ ਸਮਾਜ ਸੇਵੀ ਹਰਵਿੰਦਰ ਸਿੰਘ ਝੋਟਾ ਨਾਮ ਦੇ ਇੱਕ ਨੌਜਵਾਨ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਤਲਖੀ ’ਚ ਆ ਕੇ ਦੁਕਾਨਦਾਰ ਵੱਲੋਂ ਹਰਵਿੰਦਰ ਸਿੰਘ ਝੋਟਾ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੈਡਮ ਹਰਪ੍ਰੀਤ ਕੌਰ ਵੱਲੋਂ ਕੀਤੀ ਗਈ ਇਸ ਚੈਕਿੰਗ ਦੀ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਅਪੀਲ ਕੀਤੀ ਗਈ ਕਿ ਇਹ ਚੈਕਿੰਗ ਮੁਹਿੰਮ ਅੱਗੇ ਤੋਂ ਵੀ ਇਸੇ ਤਰ੍ਹਾਂ ਲਗਾਤਾਰ ਜਾਰੀ ਰੱਖੀ ਜਾਵੇ।