ਪੇਸਕੋ ਮੁਲਾਜ਼ਮਾਂ ਦੇ ਹੱਕ ’ਚ ਡਾ. ਸੁਭਾਸ਼ ਸ਼ਰਮਾ, ਬੀਬੀਐਮਬੀ ਚੇਅਰਮੈਨ ਕੋਲ ਉਠਾਈਆਂ ਮੰਗਾਂ ਡਾ. ਸੁਭਾਸ਼ ਸ਼ਰਮਾ ਨੇ ਬੀਬੀਐਮਬੀ ਚੇਅਰਮੈਨ ਕੋਲ ਪੇਸਕੋ ਕਰਮਚਾਰੀਆਂ ਦਾ ਮੁੱਦਾ ਉਠਾਇਆ
Publish Date: Sun, 29 Nov 2026 05:02 PM (IST)
Updated Date: Sun, 29 Nov 2026 05:04 PM (IST)
ਕਿਹਾ, ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਹੱਲ ਪੰਜਾਬੀ ਜਾਗਰਣ ਟੀਮ, ਨੰਗਲ : ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀਬੀਐਮਬੀ) ’ਚ ਤਾਇਨਾਤ ਪੇਸਕੋ ਕਰਮਚਾਰੀਆਂ ਦੇ ਇੱਕ ਵਫ਼ਦ ਨੇ ਅੱਜ ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਨਾਲ ਉਨ੍ਹਾਂ ਦੇ ਮੰਗੇਵਾਲ ਸਥਿਤ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ ਤੇ ਆਪਣੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਨੇ ਡਾ. ਸ਼ਰਮਾ ਦੇ ਧਿਆਨ ’ਚ ਦੋ ਮੁੱਖ ਮੰਗਾਂ ਲਿਆਂਦੀਆਂ। ਪਹਿਲੀ ਮੰਗ ਤਹਿਤ ਉਨ੍ਹਾਂ ਦੱਸਿਆ ਕਿ ਬੀਬੀਐਮਬੀ ਦੇ ਐੱਸ.ਟੀ.ਪੀ. ਪਲਾਂਟ ’ਚ ਕੰਮ ਕਰ ਰਹੇ 26 ਕਰਮਚਾਰੀਆਂ ਦਾ ਭਵਿੱਖ, ਜਿਸ ਨੂੰ ਆਊਟਸੋਰਸ ਕੀਤਾ ਜਾ ਰਿਹਾ ਹੈ, ਸੁਰੱਖਿਅਤ ਕੀਤਾ ਜਾਵੇ ਤੇ ਉਨ੍ਹਾਂ ਨੂੰ ਬੀਬੀਐਮਬੀ ਦੇ ਅਧੀਨ ਹੀ ਰੱਖਿਆ ਜਾਵੇ। ਦੂਜੀ ਮੰਗ ਤਹਿਤ ਵਫ਼ਦ ਨੇ ਪੰਜਾਬ ਸਰਕਾਰ ਵੱਲੋਂ ਪੇਸਕੋ ਕਰਮਚਾਰੀਆਂ ਲਈ ਬਣਾਈ ਗਈ ਨਵੀਂ ਨੀਤੀ ਨੂੰ ਬੀਬੀਐਮਬੀ ’ਚ ਵੀ ਤੁਰੰਤ ਲਾਗੂ ਕਰਨ ਦੀ ਅਪੀਲ ਕੀਤੀ, ਤਾਂ ਜੋ ਮੁਲਾਜ਼ਮਾਂ ਨੂੰ ਇਸ ਦਾ ਬਣਦਾ ਲਾਭ ਮਿਲ ਸਕੇ। ਡਾ. ਸੁਭਾਸ਼ ਸ਼ਰਮਾ ਨੇ ਕਰਮਚਾਰੀਆਂ ਦੀਆਂ ਦੋਵੇਂ ਮੰਗਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਤੇ ਮੌਕੇ ’ਤੇ ਹੀ ਇਸ ਸਬੰਧੀ ਬੀਬੀਐਮਬੀ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ। ਉਨ੍ਹਾਂ ਚੇਅਰਮੈਨ ਨੂੰ ਮੁਲਾਜ਼ਮਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਤੁਰੰਤ ਢੁਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ। ਡਾ. ਸ਼ਰਮਾ ਨੇ ਦੱਸਿਆ ਕਿ ਬੀਬੀਐਮਬੀ ਚੇਅਰਮੈਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਦੋਵਾਂ ਮੁੱਦਿਆਂ ’ਤੇ ਜਲਦੀ ਹੀ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ 26 ਕਰਮਚਾਰੀਆਂ ਦੀ ਨੌਕਰੀ ਦੀ ਸੁਰੱਖਿਆ ਤੇ ਨਵੀਂ ਪੇਸਕੋ ਨੀਤੀ ਦੇ ਲਾਭ ਮੁਲਾਜ਼ਮਾਂ ਦੇ ਭਵਿੱਖ ਨਾਲ ਜੁੜੇ ਅਹਿਮ ਮੁੱਦੇ ਹਨ, ਜਿਨ੍ਹਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ।