ਡਾ. ਸ਼ੈਲਜਾ ਗੌਤਮ ਨੇ ਸੰਭਾਲਿਆ ਸੀਨੀਅਰ ਮੈਡੀਕਲ ਰੈਜ਼ੀਡੈਂਟ ਅਫ਼ਸਰ ਦਾ ਅਹੁਦਾ ਡਾ. ਸ਼ੈਲਜਾ ਗੌਤਮ ਨੇ ਡੀਐਮਸੀ ਲੁਧਿਆਣਾ ਵਿਖੇ ਸੀਨੀਅਰ ਮੈਡੀਕਲ ਰੈਜ਼ੀਡੈਂਟ ਅਫ਼ਸਰ ਦਾ ਅਹੁਦਾ ਸੰਭਾਲਿਆ
Publish Date: Sun, 18 Oct 2026 04:15 PM (IST)
Updated Date: Sun, 18 Oct 2026 04:18 PM (IST)
ਮਾਈਕ੍ਰੋਬਾਇਓਲੋਜੀ ਦੇ ਖੇਤਰ ’ਚ ਨੰਗਲ ਦੀ ਧੀ ਨੇ ਬਣਾਈ ਵੱਖਰੀ ਪਛਾਣ ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਮਿਹਨਤ, ਲਗਨ ਅਤੇ ਉੱਚ ਪੱਧਰੀ ਡਾਕਟਰੀ ਸਿੱਖਿਆ ਦੇ ਦਮ ’ਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਨੰਗਲ ਦੀ ਹੋਣਹਾਰ ਧੀ ਡਾ. ਸ਼ੈਲਜਾ ਗੌਤਮ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀ), ਲੁਧਿਆਣਾ ਵਿਖੇ ਸੀਨੀਅਰ ਮੈਡੀਕਲ ਰੈਜ਼ੀਡੈਂਟ ਅਫ਼ਸਰ ਦਾ ਆਹੁਦਾ ਸੰਭਾਲਿਆ ਹੈ। ਮਾਈਕ੍ਰੋਬਾਇਓਲੋਜੀ ਦੇ ਖੇਤਰ ’ਚ ਵਿਸ਼ੇਸ਼ ਮੁਹਾਰਤ, ਖੋਜ ਕਾਰਜ ਅਤੇ ਪੰਜ ਐਵਾਰਡ ਹਾਸਲ ਕਰਨ ਵਾਲੀ ਡਾ. ਸ਼ੈਲਜਾ ਦੀ ਇਸ ਪ੍ਰਾਪਤੀ ਨਾਲ ਨੰਗਲ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਡਾ. ਸ਼ੈਲਜਾ ਗੌਤਮ, ਨੰਗਲ ਖੇਤਰ ਦੇ ਜਾਣੇ-ਪਛਾਣੇ ਡਾਕਟਰ ਡਾ. ਸੰਜੀਵ ਗੌਤਮ ਅਤੇ ਡਾ. ਨਿਰਮਲਾ ਗੌਤਮ ਦੀ ਸੁਪੁੱਤਰੀ ਹੈ। ਆਪਣੀ ਮਿਹਨਤ ਅਤੇ ਵਿਦਿਅਕ ਯੋਗਤਾ ਦੇ ਬਲਬੂਤੇ ਉਨ੍ਹਾਂ ਨੇ ਮੈਡੀਕਲ ਖੇਤਰ ’ਚ ਇਹ ਮੁਕਾਮ ਹਾਸਲ ਕੀਤਾ ਹੈ। ਡਾ. ਸ਼ੈਲਜਾ ਨੇ ਸਾਲ 2015 ਤੋਂ 2020 ਤੱਕ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਰਿਸ਼ੀਕੇਸ਼ ਤੋਂ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮਾਈਕ੍ਰੋਬਾਇਓਲੋਜੀ ਦੇ ਖੇਤਰ ’ਚ ਵਿਸ਼ੇਸ਼ਤਾ ਹਾਸਲ ਕਰਨ ਲਈ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ (ਜੇਐਨਐਮਸੀ), ਕੇਐਲਈ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਐਂਡ ਰਿਸਰਚ, ਬੇਲਗਾਮੀ, ਕਰਨਾਟਕ ਤੋਂ ਐਮਡੀਐਸ ਦੀ ਡਿਗਰੀ ਹਾਸਲ ਕੀਤੀ। ਅਕਤੂਬਰ 2023 ਤੋਂ ਜਾਰੀ ਅਧਿਐਨ ਦੌਰਾਨ ਉਨ੍ਹਾਂ ਨੇ ਮੈਡੀਕਲ ਵਿਗਿਆਨ ਦੇ ਇੱਕ ਅਹਿਮ ਖੇਤਰ ’ਚ ਆਪਣੀ ਪੇਸ਼ੇਵਰ ਪਛਾਣ ਸਥਾਪਤ ਕੀਤੀ। ਸੰਕਰਮਣ ਕੰਟਰੋਲ ਅਤੇ ਖੋਜ ’ਚ ਵਿਸ਼ੇਸ਼ ਮੁਹਾਰਤ ਡਾ. ਸ਼ੈਲਜਾ ਗੌਤਮ ਨੂੰ ਡਾਇਗਨੌਸਟਿਕ ਮਾਈਕ੍ਰੋਬਾਇਓਲੋਜੀ, ਐਂਟੀਮਾਈਕ੍ਰੋਬੀਅਲ ਸਸੈਪਟਿਬਿਲਟੀ ਟੈਸਟਿੰਗ, ਕਲੀਨਿਕਲ ਸੈਂਪਲ ਪ੍ਰੋਸੈਸਿੰਗ ਅਤੇ ਸੰਕਰਮਣ ਕੰਟਰੋਲ ਵਰਗੇ ਮਹੱਤਵਪੂਰਨ ਖੇਤਰਾਂ ’ਚ ਵਿਸ਼ੇਸ਼ ਮੁਹਾਰਤ ਹਾਸਲ ਹੈ। ਇਸ ਦੇ ਨਾਲ ਹੀ ਮਲਟੀ-ਡਰੱਗ ਰੇਜ਼ਿਸਟੈਂਟ ਸੂਖਮ ਜੀਵਾਂ ਦੀ ਪਛਾਣ, ਖੋਜ ਕਾਰਜ ਅਤੇ ਸਬੂਤ-ਆਧਾਰਿਤ ਇਲਾਜ ਪ੍ਰਣਾਲੀਆਂ ’ਚ ਵੀ ਉਨ੍ਹਾਂ ਦਾ ਅਨੁਭਵ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ’ਚ ਸਹਾਇਕ ਹੋ ਸਕਦਾ ਹੈ। ਮੈਡੀਕਲ ਖੇਤਰ ’ਚ ਸੰਕਰਮਣ ਦੀ ਪਛਾਣ, ਉਸ ਦੇ ਫੈਲਾਅ ਨੂੰ ਰੋਕਣ ਅਤੇ ਪ੍ਰਭਾਵਸ਼ਾਲੀ ਇਲਾਜ ਲਈ ਮਾਈਕ੍ਰੋਬਾਇਓਲੋਜੀ ਦੀ ਅਹਿਮ ਭੂਮਿਕਾ ਹੈ। ਡਾ. ਸ਼ੈਲਜਾ ਦੀ ਇਸ ਖੇਤਰ ’ਚ ਵਿਸ਼ੇਸ਼ਤਾ ਅਤੇ ਖੋਜ ਕਾਰਜ ਉਨ੍ਹਾਂ ਦੀ ਪੇਸ਼ੇਵਰ ਯੋਗਤਾ ਨੂੰ ਦਰਸਾਉਂਦੇ ਹਨ। ਮਾਤਾ-ਪਿਤਾ ਦੇ ਮਾਰਗਦਰਸ਼ਨ ਤੇ ਪਤੀ ਦੇ ਸਹਿਯੋਗ ਨੂੰ ਦਿੱਤਾ ਸਿਹਰਾ ਡਾ. ਸ਼ੈਲਜਾ ਗੌਤਮ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਿਤਾ ਡਾ. ਸੰਜੀਵ ਗੌਤਮ ਅਤੇ ਮਾਤਾ ਡਾ. ਨਿਰਮਲਾ ਗੌਤਮ ਦੇ ਮਾਰਗਦਰਸ਼ਨ, ਪ੍ਰੇਰਨਾ ਅਤੇ ਸਹਿਯੋਗ ਨੂੰ ਦਿੱਤਾ। ਉਨ੍ਹਾਂ ਅਨੁਸਾਰ ਮਾਤਾ-ਪਿਤਾ ਵੱਲੋਂ ਬਚਪਨ ਤੋਂ ਮਿਲੀ ਸਿੱਖਿਆ ਅਤੇ ਆਪਣੇ ਟੀਚੇ ਪ੍ਰਤੀ ਨਿਰੰਤਰ ਸਮਰਪਿਤ ਰਹਿਣ ਦੀ ਪ੍ਰੇਰਨਾ ਨੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਣ ’ਚ ਅਹਿਮ ਭੂਮਿਕਾ ਨਿਭਾਈ।ਉਨ੍ਹਾਂ ਆਪਣੇ ਪਤੀ ਇੰਜੀਨੀਅਰ ਹਿਮਾਲਿਆ ਕਵਰ ਦੇ ਸਹਿਯੋਗ ਨੂੰ ਵੀ ਮਹੱਤਵਪੂਰਨ ਦੱਸਿਆ। ਡੀਐਮਸੀ ਲੁਧਿਆਣਾ ਵਰਗੀ ਪ੍ਰਸਿੱਧ ਮੈਡੀਕਲ ਸੰਸਥਾ ’ਚ ਨਵੀਂ ਜਿੰਮੇਵਾਰੀ ਸੰਭਾਲਣਾ ਉਨ੍ਹਾਂ ਦੇ ਪੇਸ਼ੇਵਰ ਸਫ਼ਰ ਦਾ ਅਹਿਮ ਪੜਾਅ ਹੈ।ਡਾ. ਸ਼ੈਲਜਾ ਗੌਤਮ ਦੀ ਇਹ ਪ੍ਰਾਪਤੀ ਨੰਗਲ ਇਲਾਕੇ ਦੇ ਨੌਜਵਾਨਾਂ, ਖ਼ਾਸ ਕਰਕੇ ਮੈਡੀਕਲ ਸਿੱਖਿਆ ਹਾਸਲ ਕਰ ਰਹੀਆਂ ਵਿਦਿਆਰਥਣਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੀ ਸਫ਼ਲਤਾ ਦਰਸਾਉਂਦੀ ਹੈ ਕਿ ਮਿਹਨਤ, ਲਗਨ ਅਤੇ ਪਰਿਵਾਰ ਦੇ ਸਹਿਯੋਗ ਨਾਲ ਉੱਚੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ।