ਅਧਿਆਪਕ ਦਿਵਸ ਮੌਕੇ ਡਾ.ਰਾਧਾਕ੍ਰਿਸ਼ਨਨ ਦੀਆਂ ਸਿੱਖਿਆਵਾਂ ਨੂੰ ਕੀਤਾ ਯਾਦ ਸਰਕਾਰੀ ਕਾਲਜ ਵਿਖੇ ਅਧਿਆਪਕ ਦਿਵਸ ਮੌਕੇ ਡਾ.ਰਾਧਾਕ੍ਰਿਸ਼ਨਨ ਦੀਆਂ ਸਿੱਖਿਆਵਾਂ ਨੂੰ
Publish Date: Sun, 06 Sep 2026 05:09 PM (IST)
Updated Date: Sun, 06 Sep 2026 05:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਰਕਾਰੀ ਕਾਲਜ ਰੂਪਨਗਰ ਵਿਖੇ ਮਨਾਏ ਗਏ ਅਧਿਆਪਕ ਦਿਵਸ ਮੌਕੇ ਮਹਾਨ ਫਿਲਾਸਫਰ, ਚਿੰਤਕ ਅਤੇ ਅਧਿਆਪਕ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਅਧਿਆਪਕਾਂ ਦੇ ਵਿਦਿਆਰਥੀਆਂ ਅਤੇ ਸਮਾਜ ਪ੍ਰਤੀ ਫ਼ਰਜ਼ਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਗੁਨਜੀਤ ਕੌਰ ਨੇ ਅਧਿਆਪਕਾਂ ਨੂੰ ਲਗਨ, ਮਿਹਨਤ ਅਤੇ ਸਮਰਪਣ ਨਾਲ ਆਪਣੇ ਫ਼ਰਜ਼ ਨਿਭਾਉਣ ਤੇ ਸਮੇਂ ਦੇ ਹਾਣੀ ਬਣ ਕੇ ਵਿਦਿਆਰਥੀਆਂ ਦੀ ਯੋਗ ਰਹਿਨੁਮਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦੌਰਾਨ ਸ਼ਾਮਿਲ ਹੋਏ ਵਿਸ਼ੇਸ਼ ਮਹਿਮਾਨ ਕਾਲਜ ਦੇ ਸਾਬਕਾ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਅਧਿਆਪਕਾਂ ਨੂੰ ਆਧੁਨਿਕ ਤਕਨਾਲੌਜੀ ਦਾ ਸੁਚੱਜਾ ਸਦਉਪਯੋਗ ਕਰਦਿਆਂ ਸੱਭਿਆਚਾਰ ਦੀ ਰਾਖੀ, ਵਿਗਿਆਨਕ ਸੋਚ ਨੂੰ ਉਤਸਾਹਿਤ ਕਰਨ ਅਤੇ ਸਮਾਜ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸੈਣੀ ਚੈਰੀਟੇਬਲ ਟਰੱਸਟ ਰੂਪਨਗਰ ਦੇ ਅਹੁੱਦੇਦਾਰ ਅਮਰਜੀਤ ਸਿੰਘ, ਰਜਿੰਦਰ ਸੈਣੀ ਅਤੇ ਐਡਵੋਕੇਟ ਰਵਿੰਦਰ ਸਿੰਘ ਮੁੰਦਰਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਬਲਬੀਰ ਸਿੰਘ ਨੇ ਅਧਿਆਪਕ ਦੀ ਭੂਮਿਕਾ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸੈਣੀ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਵਜ਼ੀਫ਼ਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ.ਉਪਦੇਸ਼ਦੀਪ ਕੌਰ, ਪ੍ਰੋ.ਹਰਦੀਪ ਕੌਰ, ਪ੍ਰੋ.ਮਨਦੀਪ ਕੌਰ, ਪ੍ਰੋ.ਰਜਿੰਦਰ ਕੌਰ ਅਤੇ ਡਾ.ਸ਼ਿਖਾ ਵੱਲੋਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਪ੍ਰੋ.ਮਨਜਿੰਦਰ ਸਿੰਘ ਨੇ ਵੀ ਅਧਿਆਪਕ ਦਿਵਸ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਲਜ ਪ੍ਰਬੰਧਕਾਂ ਵੱਲੋਂ ਸਮਾਗਮ ਵਿਚ ਸ਼ਾਮਲ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਕਾਲਜ ਦੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਪਾਏ ਜਾ ਰਹੇ ਯੋਗਦਾਨ ਬਦਲੇ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੰਚ ਸੰਚਾਲਨ ਡਾ.ਨਿਰਮਲ ਸਿੰਘ ਬਰਾੜ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਕਾਲਜ ਰਜਿਸਟਰਾਰ ਪ੍ਰੋ.ਮੀਨਾ ਕੁਮਾਰੀ, ਕਾਲਜ ਬਰਸਰ ਡਾ.ਦਲਵਿੰਦਰ ਸਿੰਘ, ਪ੍ਰੋ.ਅਰਵਿੰਦਰ ਕੌਰ, ਪ੍ਰੋ.ਸ਼ਮਿੰਦਰ ਕੌਰ ਅਤੇ ਪ੍ਰੋ.ਜਗਜੀਤ ਸਿੰਘ ਨੇ ਅਹਿਮ ਸਹਿਯੋਗ ਦਿੱਤਾ। ਇਸ ਸਮਾਗਮ ਦੀ ਸਮਾਪਤੀ ਮੌਕੇ ਕਾਲਜ ਦੇ ਉਪ-ਪ੍ਰਿੰਸੀਪਲ ਪ੍ਰੋ.ਹਰਜੀਤ ਸਿੰਘ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਕਾਲਜ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।