ਸਰਹੰਦ ਨਹਿਰ ’ਚ ਡਿੱਗਦੇ ਗੰਦੇ ਪਾਣੀ ਨੂੰ ਲੈ ਕੇ ਡਾ. ਚੀਮਾ ਤੇ ਕੌਸਲ ਪ੍ਰਧਾਨ ਸਤਿਆਲ ਆਹਮੋ-ਸਾਹਮਣੇ ਸਰਹੰਦ ਨਹਿਰ ’ਚ ਡਿੱਗਦੇ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਡਾ ਚੀਮਾਂ ਤੇ ਕੌਸਲ ਪ੍ਰਧਾਨ ਸਤਿਆਲ ਹੋਏ ਆਹਮੋ ਸਾਹਮਣੇ
Publish Date: Sun, 30 Aug 2026 05:41 PM (IST)
Updated Date: Mon, 31 Aug 2026 04:02 AM (IST)
ਸਰਹੰਦ ਨਹਿਰ ’ਚ ਗੰਦਾ ਪਾਣੀ ਸੁੱਟਣਾ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਮਾਮਲਾ ਐੱਨਜੀਟੀ ਕੋਲ ਉਠਾਵਾਂਗਾ : ਚੀਮਾ, ਬਸੰਤ ਨਗਰ ਦਾ ਨਹੀ ਕੋਟਲਾ ਨਿਹੰਗ ਪਿੰਡ ਦੇ ਸੀਵਰੇਜ ਦਾ ਡਿੱਗ ਰਿਹਾ ਗੰਦਾ ਪਾਣੀ : ਸਤਿਆਲ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸਰਹੰਦ ਨਹਿਰ ਵਿਚ ਡਿੱਗ ਰਹੇ ਸੀਵਰੇਜ ਦੇ ਗੰਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਤੇ ਨਗਰ ਕੌਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਆਹਮੋ ਸਾਹਮਣੇ ਆ ਗਏ ਹਨ। ਦੱਸਣਸੋਗ ਹੈ ਕਿ ਸਤਲੁੱਜ ਦਰਿਆ ਵਿਚ ਪਿਛਲੇ ਦਿਨੀ ਜਹਿਰੀਲਾਂ ਕੂੜਾ ਕਰਕੱਟ ਆਉਣ ਦਾ ਮੁੱਦਾ ਸਾਹਮਣੇ ਆਉਣ ਤੋਂ ਬਾਅਦ ਰੂਪਨਗਰ ਹਲਕੇ ਦੀ ਸਿਆਸਤ ਗਰਮਾਈ ਹੋਈ ਹੈ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਨਿਰੰਕਾਰੀ ਭਵਨ ਨੇੜੇ ਬਸੰਤ ਨਗਰ ਵੱਲੋਂ ਆ ਕੇ ਡਿੱਗ ਰਹੇ ਸੀਵਰੇਜ਼ ਦੇ ਗੰਦੇ ਪਾਣੀ ਨੂੰ ਮਨੁੱਖੀ ਜ਼ਿੰਦਗੀ ਨਾਲ ਵੱਡਾ ਖਿਲਵਾੜ ਦੱਸਦਿਆਂ ਐਲਾਨ ਕੀਤਾ ਕਿ ਉਹ ਇਸ ਮਾਮਲੇ ਵਿਚ ਜਲਦ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਕੋਲ ਕੇਸ ਦਾਇਰ ਕਰਨਗੇ। ਉੱਧਰ ਸੋਸ਼ਲ ਮੀਡੀਆਂ ‘ਤੇ ਡਾ ਚੀਮਾਂ ‘ਤੇ ਜਵਾਬੀ ਹਮਲਾ ਕਰਦਿਆਂ ਕੌਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਕਿਹਾਕਿ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ ਉਸ ਸਮੇਂ ਤੁਹਾਨੂੰ ਇਹ ਪਾਣੀ ਡਿੱਗਦਾ ਨਹੀ ਦਿਖਿਆ ਹੁਣ ਰਾਜਨੀਤੀ ਕਰ ਰਹੇ ਹੋ। ਉਧਰ ਚੀਮਾ ਨੇ ਕਿਹਾ ਕਿ ਉਹ ਵੇਖ ਕੇ ਹੈਰਾਨ ਹਨ ਕਿ ਸਰਹਿੰਦ ਨਹਿਰ ਦਾ ਪਾਣੀ ਪੀਣ ਵਾਸਤੇ ਅਤੇ ਸਿੰਜਾਈ ਵਾਸਤੇ ਵਰਤਿਆ ਜਾਂਦਾ ਹੈ ਪਰ ਰੂਪਨਗਰ ਨਗਰ ਕੌਂਸਲ ਦੀ ਹੱਦ ਵਿਚ ਸੀਵਰੇਜ ਦਾ ਗੰਦਾ ਪਾਣੀ ਸਿੱਧਾ ਹੀ ਨਹਿਰ ਵਿਚ ਪਾਇਆ ਜਾ ਰਿਹਾ ਹੈ ਜੋ ਕਿ ਵਾਤਾਵਰਣ ਨਿਯਮਾਂ ਦੀ ਗੰਭੀਰ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਇਹ ਵਾਟਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਪੋਲਿਊਸ਼ਨ) ਐਕਟ 1974 ਦੀ ਸਪਸ਼ਟ ਉਲੰਘਣਾ ਹੈ ਤੇ ਇਹ ਸਾਡੇ ਜਲ ਸਰੋਤਾਂ ਦੀ ਸਾਂਭ ਸੰਭਾਲ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਗੰਭੀਰ ਕੁਤਾਹੀ ਦਰਸਾਉਂਦਾ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਸੋਧਿਆਂ ਹੀ ਇਸ ਨਹਿਰ ਵਿਚ ਪਾਉਣਾ ਮਨੁੱਖੀ ਜਾਨਾਂ ਲਈ ਖ਼ਤਰਨਾਕ ਹੈ ਤੇ ਇਹ ਸਾਡੀ ਖੇਤੀਬਾੜੀ ਤੇ ਵਾਤਾਵਰਣ ਲਈ ਵੀ ਗੰਭੀਰ ਖ਼ਤਰਾ ਹੈ। ਇਸ ਮੌਕੇ ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਅਤੇ ਪਾਰਟੀ ਦੇ ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਚੀਮਾ ਸਾਹਿਬ ਬਸੰਤ ਨਗਰ ਦਾ ਸੀਵਰੇਜ ਪਾਣੀ ਨਹੀ ਕੋਟਲਾ ਨਿਹੰਗ ਦਾ ਹੈ : ਸਤਿਆਲ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਬਸੰਤ ਨਗਰ ਦਾ ਭੱਠਾ ਸਾਹਿਬ ਅਤੇ ਸਬਜ਼ੀ ਮੰਡੀ ਦੇ ਸੀਵਰੇਜ ਦਾ ਪਾਣੀ ਸਰਹੰਦ ਨਹਿਰ ਵਿਚ ਸੁੱਟਣ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿ ਸ਼ਰੇਆਮ ਝੂਠ ਬੋਲਿਆ ਗਿਆ ਹੈ। ਉਨ੍ਹਾਂ ਕਿਹਾ ਉਕਤ ਥਾਵਾਂ ਦਾ ਸੀਵਰੇਜ ਦਾ ਪਾਣੀ ਪਾਈਪਾਂ ਰਾਹੀਂ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਕੋਟਲਾ ਨਿਹੰਗ ਦਾ ਗੰਦਾ ਪਾਣੀ ਸਰਹੰਦ ਨਹਿਰ ਵਿਚ ਪਿਛਲੇ 25 ਸਾਲਾਂ ਤੋਂ ਪਾਈਪਾਂ ਰਾਹੀਂ ਸੁੱਟਿਆ ਜਾ ਰਿਹਾ ਹੈ, ਜਦੋਂ ਡਾਕਟਰ ਚੀਮਾ ਮੰਤਰੀ ਸਨ ਤੇ ਹਲਕੇ ਦੀ ਕਮਾਂਡ ਕਰ ਰਹੇ ਸਨ ਤਾਂ ਉਸ ਸਮੇਂ ਤਾਂ ਕੁਝ ਨਹੀਂ ਬੋਲਿਆ ਉਦੋਂ ਤਾਂ ਕੌਸਲ ‘ਤੇ ਪਰਮਜੀਤ ਸਿੰਘ ਮੱਕੜ ਵੀ ਪ੍ਰਧਾਨ ਰਹੇ ਸਨ ਜੋ ਤੁਹਾਡੇ ਚਹੇਤੇ ਆਗੂ ਹਨ। ਉਨ੍ਹਾਂ ਕਿਹਾ ਕਿ ਜਦੋਂ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਵਾਲੇ ਹਲਕੇ ਦੇ ਵਿਧਾਇਕ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਪਿਤਾ ਅਮਰਜੀਤ ਸਿੰਘ ਸਤਿਆਲ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸਨ ਅਤੇ ਉਸ ਸਮੇਂ 56 ਕਰੋੜ ਰੁਪਏ ਦਾ ਪ੍ਰੋਜੈਕਟ ਰੋਪੜ ਸ਼ਹਿਰ ਦੇ ਸੀਵਰੇਜ ਪਾਣੀ ਲਈ ਆਇਆ ਸੀ ਅਤੇ ਉਸ ਸਮੇਂ ਸ਼ਹਿਰ ਦਾ ਗੰਦਾ ਪਾਣੀ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਸ਼ਹਿਰ ਵਿਚ ਤਿੰਨ ਵੱਡੇ ਸੀਵਰੇਜ ਪਲਾਂਟ ਬਣਾਏ ਗਏ ਸਨ। ਰਾਜੂ ਸਤਿਆਲ ਨੇ ਕਿਹਾ ਕਿ ਡਾ: ਚੀਮਾ ਨੂੰ ਸੀਵਰੇਜ ਦੇ ਪਾਣੀ ਨੂੰ ਲੈ ਕੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਇਸ ਮੌਕੇ ਕੌਂਸਲਰ ਗੁਰਵਿੰਦਰ ਸਿੰਘ ਜੱਗੀ, ਕੌਂਸਲਰ ਅੰਮ੍ਰਿਤਪਾਲ ਸਿੰਘ ਸੋਨੂ, ਕੌਂਸਲਰ ਆੜਤੀ ਅਵਤਾਰ ਸਿੰਘ, ਕੌਂਸਲਰ ਸੁਖਜਿੰਦਰ ਸਿੰਘ ਫੌਜੀ ਅਤੇ ਬਸੰਤ ਨਗਰ ਵਾਸੀ ਜਿੰਦਾ ਵੀ ਹਾਜ਼ਰ ਸਨ।