ਫਲੈਕਸ ਬੋਰਡ ਪਾੜਨ ਵਾਲਿਆਂ ਦੀ ਮਾਨਸਿਕਤਾ ’ਤੇ ਡਾ. ਅੱਛਰ ਸ਼ਰਮਾ ਨੇ ਚੁੱਕੇ ਸਵਾਲ ਸ੍ਰੀ ਅਨੰਦਪੁਰ ਸਾਹਿਬ ਫਸਟ ਦੇ ਫਲੈਕਸ ਬੋਰਡ ਪਾੜਨ ਵਾਲਿਆਂ ਦੀ ਮਾਨਸਿਕਤਾ ’ਤੇ ਡਾ. ਅੱਛਰ ਸ਼ਰਮਾ ਨੇ ਚੁੱਕੇ ਸਵਾਲ
Publish Date: Sun, 01 Nov 2026 05:00 PM (IST)
Updated Date: Sun, 01 Nov 2026 05:02 PM (IST)
ਨਕਾਰਾਤਮਕ ਰਾਜਨੀਤੀ ਛੱਡ ਕੇ ਉਸਾਰੂ ਤੇ ਸਕਾਰਾਤਮਕ ਰਾਜਨੀਤੀ ਅਪਣਾਉਣ ਦੀ ਦਿੱਤੀ ਸਲਾਹ ਪੰਜਾਬੀ ਜਾਗਰਣ ਟੀਮ, ਸ੍ਰੀ ਅਨੰਦਪੁਰ ਸਾਹਿਬ: ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਅੱਛਰ ਸ਼ਰਮਾ ਨੇ ਹਲਕੇ ’ਚ ਲਗਾਏ ਗਏ ‘ਸ੍ਰੀ ਅਨੰਦਪੁਰ ਸਾਹਿਬ ਫਸਟ’ ਦੇ ਫਲੈਕਸ ਬੋਰਡ ਪਾੜੇ ਜਾਣ ਦੀ ਘਟਨਾ ’ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਹਲਕੇ ’ਚ ਵੱਡੀ ਗਿਣਤੀ ’ਚ ‘ਸ੍ਰੀ ਅਨੰਦਪੁਰ ਸਾਹਿਬ ਫਸਟ’ ਦੇ ਫਲੈਕਸ ਬੋਰਡ ਲਗਾਏ ਗਏ ਸਨ, ਪਰ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਾਣ-ਬੁੱਝ ਕੇ ਇਨ੍ਹਾਂ ਨੂੰ ਪਾੜ ਦਿੱਤਾ ਗਿਆ। ਡਾ. ਸ਼ਰਮਾ ਨੇ ਇਸ ਕਾਰਵਾਈ ਨੂੰ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ, ਜੋ ਇਲਾਕੇ ’ਚ ਲਗਾਤਾਰ ਨਕਾਰਾਤਮਕ ਰਾਜਨੀਤੀ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸਰੋਤਾਂ ਦੀ ਦੁਰਵਰਤੋਂ ਕਰਕੇ ਉਨ੍ਹਾਂ ਨੂੰ ਖ਼ਤਮ ਕਰਨ ਵਾਲੇ ਲੋਕ ਅੱਜ ਵੀ ਆਪਣੀ ਪੁਰਾਣੀ ਸੋਚ ਅਨੁਸਾਰ ਨਕਾਰਾਤਮਕ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਇੱਕ ਗੱਲ ਖ਼ਾਸ ਤੌਰ ’ਤੇ ਧਿਆਨ ਦੇਣ ਯੋਗ ਹੈ ਕਿ ਹਲਕੇ ’ਚ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਫਲੈਕਸ ਬੋਰਡ ਵੀ ਲੱਗੇ ਹੋਏ ਸਨ, ਪਰ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਸਿਰਫ਼ ‘ਸ੍ਰੀ ਅਨੰਦਪੁਰ ਸਾਹਿਬ ਫਸਟ’ ਦੇ ਫਲੈਕਸ ਬੋਰਡਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਕਾਰਵਾਈ ਜਾਣ-ਬੁੱਝ ਕੇ ਕੀਤੀ ਗਈ ਹੈ। ਅੱਛਰ ਸ਼ਰਮਾ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਰਾਜਨੀਤਿਕ ਆਗੂ ਅਤੇ ਵਰਕਰ ਆਪਣੀ ਊਰਜਾ ਅਜਿਹੀਆਂ ਨਕਾਰਾਤਮਕ ਗਤੀਵਿਧੀਆਂ ’ਚ ਲਾਉਣ ਦੀ ਬਜਾਏ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਵਰਤਣ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਮਕਸਦ ਇੱਕ-ਦੂਜੇ ਦੇ ਕੰਮਾਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ, ਸਗੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਇਲਾਕੇ ਦੀ ਤਰੱਕੀ ਲਈ ਯਤਨ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਅਪੀਲ ਕੀਤੀ ਕਿ ਆਪਸੀ ਵਿਰੋਧ ਅਤੇ ਨਕਾਰਾਤਮਕ ਸੋਚ ਨੂੰ ਤਿਆਗ ਕੇ ਉਸਾਰੂ ਰਾਜਨੀਤੀ ਨੂੰ ਤਰਜੀਹ ਦਿੱਤੀ ਜਾਵੇ, ਤਾਂ ਜੋ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਅੱਗੇ ਲਿਜਾਇਆ ਜਾ ਸਕੇ।