ਦੀਵਾਲੀ ਮੇਲਾ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਮੇਲਾ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ
Publish Date: Tue, 03 Nov 2026 03:42 PM (IST)
Updated Date: Tue, 03 Nov 2026 03:44 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ (ਆਰਬੀਆਈਐੱਸ) ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਰੰਗਾਰੰਗ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਤਿਉਹਾਰੀ ਰੰਗ ’ਚ ਰੰਗਿਆ ਨਜ਼ਰ ਆਇਆ। ਮੇਲੇ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ, ਕਲਾ ਪ੍ਰਦਰਸ਼ਨੀਆਂ ਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਜਿਸ ’ਚ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ’ਚ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਵਾਈਸ ਪ੍ਰੈਜ਼ੀਡੈਂਟ ਜੈਸਿਕਾ ਦੁੱਗਲ ਬਾਹਰਾ ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ, ਜਿਸ ਤੋਂ ਬਾਅਦ ਰਵਾਇਤੀ ਢੰਗ ਨਾਲ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਸੁਰੀਲੀ ਸੰਗੀਤਕ ਪੇਸ਼ਕਾਰੀ, ਮਨਮੋਹਕ ਅਰਧ-ਸ਼ਾਸਤਰੀ ਨਾਚ ਤੇ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨੂੰ ਦਰਸਾਉਂਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੇ ਪਰੰਪਰਾਵਾਂ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਵਿਦਿਆਰਥੀਆਂ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਵੱਖ-ਵੱਖ ਕਲਾਤਮਕ ਤੇ ਸਜਾਵਟੀ ਵਸਤਾਂ ਦੀ ਪ੍ਰਦਰਸ਼ਨੀ ਮੇਲੇ ਦਾ ਮੁੱਖ ਆਕਰਸ਼ਣ ਰਹੀ। ਇਸ ਤੋਂ ਇਲਾਵਾ ਰੰਗ-ਬਿਰੰਗੇ ਖੇਡਾਂ ਦੇ ਸਟਾਲਾਂ ਤੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਕਾਊਂਟਰਾਂ ਨੇ ਮੇਲੇ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਨ੍ਹਾਂ ਗਤੀਵਿਧੀਆਂ ਨੇ ਬੱਚਿਆਂ, ਮਾਪਿਆਂ ਤੇ ਹੋਰ ਮਹਿਮਾਨਾਂ ਲਈ ਖੁਸ਼ੀ ਤੇ ਮਨੋਰੰਜਨ ਭਰਿਆ ਮਾਹੌਲ ਸਿਰਜਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਤਿਉਹਾਰਾਂ ਨੂੰ ਮਨਾਉਣ ਤੇ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੇ ਰਵਾਇਤਾਂ ਨੂੰ ਸੰਭਾਲ ਕੇ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ’ਚ ਏਕਤਾ, ਆਪਸੀ ਸਦਭਾਵਨਾ, ਸਤਿਕਾਰ ਤੇ ਮਿਲਵਰਤਣ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ। ਸਕੂਲ ਦੀ ਡਾਇਰੈਕਟਰ-ਪ੍ਰਿੰਸੀਪਲ ਡਾ. ਅਭਿਲਾਸ਼ਾ ਸਿੰਘ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਕੀਤੇ ਗਏ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਕਤਾ, ਪ੍ਰਤਿਭਾ ਤੇ ਸੱਭਿਆਚਾਰਕ ਸਮਝ ਦਾ ਪ੍ਰਦਰਸ਼ਨ ਕਰਨ ਲਈ ਵਧੀਆ ਮੰਚ ਪ੍ਰਦਾਨ ਕਰਦੀਆਂ ਹਨ। ਇਹ ਦੀਵਾਲੀ ਮੇਲਾ ਖੁਸ਼ੀ, ਉਤਸ਼ਾਹ ਤੇ ਉਤਸਵਮਈ ਮਾਹੌਲ ’ਚ ਸੰਪੰਨ ਹੋਇਆ ਤੇ ਸਾਰਿਆਂ ਨੂੰ ਸ਼ਾਂਤੀ, ਖੁਸ਼ਹਾਲੀ, ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਸੰਦੇਸ਼ ਦੇ ਗਿਆ।