- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਂਜਲਜ਼ ਵਰਲਡ ਸਕੂਲ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਏਂਜਲਜ਼ ਵਰਲਡ ਸਕੂਲ, ਮੋਰਿੰਡਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ’ਚ ਵੱਖ-ਵੱਖ ਰਚਨਾਤਮਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਪ੍ਰਾਰਥਨਾ ਸਭਾ ਦੌਰਾਨ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸਕ ਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਦੀਵਾਲੀ ਦਾ ਤਿਉਹਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਚੌਦਾਂ ਸਾਲਾਂ ਦਾ ਬਨਵਾਸ ਪੂਰਾ ਕਰਕੇ ਮਾਤਾ ਸੀਤਾ ਤੇ ਲਕਸ਼ਮਣ ਜੀ ਸਮੇਤ ਅਯੁੱਧਿਆ ਵਾਪਸ ਪਰਤਣ ਦੀ ਖੁਸ਼ੀ ’ਚ ਮਨਾਇਆ ਜਾਂਦਾ ਹੈ।
ਇਸ ਮੌਕੇ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ’ਚ ਈਕੋ-ਫ੍ਰੈਂਡਲੀ ਰੰਗੋਲੀ ਮੇਕਿੰਗ, ਦੀਵਾ ਡੈਕੋਰੇਸ਼ਨ ਤੇ ਕਾਰਡ ਮੇਕਿੰਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਤੇ ਸਿਰਜਣਾਤਮਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੁੰਦਰ ਰੰਗੋਲੀਆਂ ਬਣਾਈਆਂ, ਦੀਵਿਆਂ ਨੂੰ ਮਨਮੋਹਕ ਢੰਗ ਨਾਲ ਸਜਾਇਆ ਤੇ ਰੰਗ-ਬਿਰੰਗੇ ਦੀਵਾਲੀ ਕਾਰਡ ਤਿਆਰ ਕੀਤੇ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਵਾਤਾਵਰਨ-ਮਿੱਤਰ ਦੀਵਾਲੀ ਮਨਾਉਣ ਤੇ ਆਪਣੀ ਕਲਾ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਇਲਾਵਾ, ਵਿਦਿਆਰਥੀਆਂ ਵੱਲੋਂ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਦੀ ਬਹੁਤ ਹੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਇਸ ’ਚ ਸ੍ਰੀ ਰਾਮ ਚੰਦਰ ਜੀ ਦਾ ਚੌਦਾਂ ਸਾਲਾਂ ਦੇ ਬਨਵਾਸ ਲਈ ਜਾਣਾ, ਮਾਤਾ ਸੀਤਾ ਦਾ ਹਰਨ, ਸ੍ਰੀ ਰਾਮ ਚੰਦਰ ਜੀ ਤੇ ਰਾਵਣ ਵਿਚਕਾਰ ਹੋਇਆ ਯੁੱਧ ਤੇ ਅੰਤ ’ਚ ਬਨਵਾਸ ਪੂਰਾ ਕਰਕੇ ਅਯੁੱਧਿਆ ਵਾਪਸੀ ਦੇ ਦ੍ਰਿਸ਼ਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ ਗਿਆ। ਵਿਦਿਆਰਥੀਆਂ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਤੇ ਸੱਚਾਈ ਦੀ ਬੁਰਾਈ ’ਤੇ ਜਿੱਤ ਦਾ ਸੰਦੇਸ਼ ਦਿੱਤਾ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਯੂਐੱਸ. ਢਿੱਲੋਂ ਨੇ ਵਿਦਿਆਰਥੀਆਂ ਦੀ ਮਿਹਨਤ, ਰਚਨਾਤਮਕਤਾ ਤੇ ਸ਼ਾਨਦਾਰ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਤਿਉਹਾਰ ਤੇ ਗਤੀਵਿਧੀਆਂ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਦੀ ਪ੍ਰਿੰਸੀਪਲ ਦੀਪਿਕਾ ਸ਼ਰਮਾ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਸਾਨੂੰ ਹਨੇਰੇ ਤੋਂ ਚਾਨਣ ਵੱਲ, ਬੁਰਾਈ ਤੋਂ ਚੰਗਿਆਈ ਵੱਲ ਤੇ ਨਿਰਾਸ਼ਾ ਤੋਂ ਆਸ ਵੱਲ ਵਧਣ ਦੀ ਪ੍ਰੇਰਣਾ ਦਿੰਦੀ ਹੈ।