ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਖਿਡਾਰੀਆਂ ਲਈ ਸਾਬਤ ਹੋ ਰਿਹਾ ਵਰਦਾਨ : ਚੱਢਾ ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਰੂਪਨਗਰ ਖਿਡਾਰੀਆਂ ਲਈ ਸਾਬਤ ਹੋ ਰਿਹਾ ਵਰਦਾਨ: ਚੱਢਾ
Publish Date: Wed, 04 Nov 2026 05:34 PM (IST)
Updated Date: Wed, 04 Nov 2026 05:35 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਰੂਪਨਗਰ ਖਿਡਾਰੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋ ਰਿਹਾ ਹੈ। ਇਸ ਸੈਂਟਰ ਰਾਹੀਂ ਖਿਡਾਰੀਆਂ ਨੂੰ ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਦੀ ਜਾਂਚ, ਇਲਾਜ ਤੇ ਮੁੜ ਖੇਡ ਮੈਦਾਨ ’ਚ ਪਰਤਣ ਲਈ ਲੋੜੀਂਦੀਆਂ ਸਿਹਤ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਸੈਂਟਰ ’ਚ ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਦੀ ਜਾਂਚ ਤੇ ਇਲਾਜ ਦੇ ਨਾਲ-ਨਾਲ ਖੇਡ ਮੈਡੀਸਨ ਮਾਹਿਰ ਵੱਲੋਂ ਡਾਕਟਰੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਫਿਜ਼ੀਓਥੈਰੇਪੀ ਤੇ ਪੁਨਰਵਾਸ ਸੇਵਾਵਾਂ, ਗੰਭੀਰ ਤੇ ਪੁਰਾਣੇ ਦਰਦ ਦਾ ਇਲਾਜ ਤੇ ਆਪ੍ਰੇਸ਼ਨ ਤੋਂ ਬਾਅਦ ਮੁੜ ਵਸੇਬੇ ਦੀ ਸਹੂਲਤ ਵੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਸੱਟਾਂ ਤੋਂ ਬਚਾਉਣ ਲਈ ਵਿਸ਼ੇਸ਼ ਜਾਂਚ ਤੇ ਮਾਰਗਦਰਸ਼ਨ ਦਿੱਤਾ ਜਾਂਦਾ ਹੈ। ਸਪੋਰਟਸ ਟੇਪਿੰਗ, ਮੁੱਢਲੀ ਸਹਾਇਤਾ, ਸਰੀਰਕ ਤਾਕਤ ਤੇ ਸਮਰੱਥਾ ਵਧਾਉਣ ਲਈ ਸਿਖਲਾਈ ਦੇ ਨਾਲ-ਨਾਲ ਖਿਡਾਰੀਆਂ ਦੀ ਖੇਡ ਅਨੁਸਾਰ ਫਿਟਨੈੱਸ ਤੇ ਪ੍ਰਦਰਸ਼ਨ ’ਚ ਸੁਧਾਰ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਸੱਟ ਲੱਗਣ ਤੋਂ ਬਾਅਦ ਖਿਡਾਰੀ ਮੁੜ ਖੇਡਣ ਦੇ ਯੋਗ ਹੋ ਸਕਣ, ਇਸ ਲਈ ਉਨ੍ਹਾਂ ਦਾ ਮੁਲਾਂਕਣ ਕਰਕੇ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਖਿਡਾਰੀਆਂ ਤੇ ਕੋਚਾਂ ਨੂੰ ਸੱਟਾਂ ਤੋਂ ਬਚਾਅ ਤੇ ਜਲਦੀ ਰਿਕਵਰੀ ਸਬੰਧੀ ਵੀ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਸਪੋਰਟਸ ਮੈਡੀਸਨ ਸੈਂਟਰ ਦੀ ਟੀਮ ਵੀ ਮੌਜੂਦ ਸੀ, ਜਿਸ ’ਚ ਡਾ. ਗਿਰੀਸ਼ ਜਿੰਦਲ (ਖੇਡ ਮੈਡੀਸਨ ਮਾਹਿਰ), ਅੰਕਿਤਾ ਮਹਿਰਾ (ਖੇਡ ਫਿਜ਼ੀਓਥੈਰੇਪਿਸਟ), ਦੀਕਸ਼ਾ ਮਹਿਤਾ (ਖੇਡ ਫਿਜ਼ੀਓਥੈਰੇਪਿਸਟ), ਸਵਪਨਿਲ (ਖੇਡ ਫਿਜ਼ੀਓਥੈਰੇਪੀ ਸਹਾਇਕ) ਤੇ ਸਰਬਪਾਲ ਕੌਰ (ਖੇਡ ਫਿਜ਼ੀਓਥੈਰੇਪੀ ਸਹਾਇਕ) ਸ਼ਾਮਲ ਸਨ। ਵਿਧਾਇਕ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ, ਫਿਟਨੈੱਸ ਤੇ ਖੇਡ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਅਜਿਹੀਆਂ ਸਹੂਲਤਾਂ ਬਹੁਤ ਮਹੱਤਵਪੂਰਨ ਹਨ। ਇਸ ਨਾਲ ਖਿਡਾਰੀਆਂ ਨੂੰ ਸੱਟਾਂ ਤੋਂ ਉਭਰਨ ਤੇ ਆਪਣੀ ਖੇਡ ’ਚ ਮੁੜ ਬਿਹਤਰ ਪ੍ਰਦਰਸ਼ਨ ਕਰਨ ’ਚ ਮਦਦ ਮਿਲੇਗੀ।