ਮਹਾਂ ਸ਼ਿਵਰਾਤਰੀ ਮੌਕੇ ਸ਼ਿਵ ਮੰਦਰਾਂ ’ਚ ਲੱਗਾ ਭਗਤਾਂ ਦਾ ਤਾਂਤਾ
ਮਹਾਂ ਸ਼ਿਵਰਾਤਰੀ ਮੌਕੇ ਸ਼ਿਵ ਮੰਦਰਾਂ ਵਿਚ ਲੱਗਾ ਭਗਤਾਂ ਦਾ ਤਾਂਤਾ
Publish Date: Sun, 15 Feb 2026 04:05 PM (IST)
Updated Date: Sun, 15 Feb 2026 04:09 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਅੱਜ ਪੂਰੇ ਇਲਾਕੇ ਵਿਚ ਧਾਰਮਿਕ ਉਤਸ਼ਾਹ ਅਤੇ ਭਗਤੀ ਭਰਿਆ ਮਾਹੌਲ ਦੇਖਣ ਨੂੰ ਮਿਲਿਆ। ਸਵੇਰੇ ਤੜਕੇ ਤੋਂ ਹੀ ਵੱਖ-ਵੱਖ ਸ਼ਿਵ ਮੰਦਰਾਂ ਵਿਚ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਦਿਨ ਭਰ ਦਰਸ਼ਨਾਂ ਲਈ ਸੰਗਤਾਂ ਦਾ ਤਾਂਤਾ ਬਣਿਆ ਰਿਹਾ। ਇਸ ਮੌਕੇ ‘ਤੇ ਸ਼ਿਵ ਮੰਦਿਰ ਨੂਰਪੁਰਬੇਦੀ, ਜਟੇਸ਼ਵਰ ਮਹਾਂਦੇਵ ਮੰਦਿਰ ਜਟਵਾਹੜ੍ਹ ਅਤੇ ਸ਼ਿਵ ਮੰਦਿਰ ਸਰਥਲੀ ਸਮੇਤ ਇਲਾਕੇ ਦੇ ਹੋਰਨਾਂ ਮੰਦਰਾਂ ਵਿਚ ਵਿਸ਼ੇਸ਼ ਸਜਾਵਟ ਕੀਤੀ ਗਈ। ਮੰਦਰਾਂ ਨੂੰ ਰੰਗ-ਬਿਰੰਗੀ ਲਾਈਟਾਂ ਅਤੇ ਫੁੱਲਾਂ ਨਾਲ ਸੁਸ਼ੋਭਿਤ ਕੀਤਾ ਗਿਆ, ਜਿਸ ਨਾਲ ਪੂਰਾ ਮਾਹੌਲ ਆਧਿਆਤਮਿਕ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ। ਇਸੇ ਤਹਿਤ ਸ਼ਿਵ ਮੰਦਿਰ ਨੂਰਪੁਰਬੇਦੀ ਵਿਚ ਮਹੰਤ ਸੰਮਤ ਗਿਰੀ ਦੀ ਅਗਵਾਈ ਹੇਠ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਅਤੇ ਅਤੁੱਟ ਸ਼ਰਧਾ ਨਾਲ ਮਨਾਇਆ ਗਿਆ। ਸੰਗਤਾਂ ਵੱਲੋਂ ਵਿਧੀਵਤ ਪੂਜਾ-ਅਰਚਨਾ ਕੀਤੀ ਗਈ ਅਤੇ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਭਗਤਾਂ ਨੇ ਸ਼ਿਵਲਿੰਗ ‘ਤੇ ਜਲ, ਦੁੱਧ ਅਤੇ ਬੇਲ ਪੱਤਰ ਅਰਪਿਤ ਕਰਕੇ ਭਗਵਾਨ ਸ਼ਿਵ ਦੀ ਉਪਾਸਨਾ ਕੀਤੀ ਅਤੇ ਪਰਿਵਾਰਕ ਸੁਖ-ਸ਼ਾਂਤੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਕਈ ਥਾਵਾਂ ‘ਤੇ ਰੁਦ੍ਰਾਭਿਸ਼ੇਕ ਅਤੇ ਭਜਨ-ਕੀਰਤਨ ਦੇ ਪ੍ਰੋਗਰਾਮ ਵੀ ਕਰਵਾਏ ਗਏ, ਜਿਨ੍ਹਾਂ ਵਿਚ ਸੰਗਤਾਂ ਨੇ ਭਾਵਪੂਰਵਕ ਹਿੱਸਾ ਲਿਆ। ਮੰਦਰ ਪ੍ਰਬੰਧਕ ਕਮੇਟੀਆਂ ਵੱਲੋਂ ਭਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਪੀਣ ਵਾਲੇ ਪਾਣੀ, ਲੰਗਰ ਅਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਯਕੀਨੀ ਬਣਾਏ ਗਏ, ਤਾਂ ਜੋ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਆਵੇ। ਧਾਰਮਿਕ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਂ ਸ਼ਿਵਰਾਤਰੀ ਸਾਨੂੰ ਸੱਚਾਈ, ਸਹਿਨਸ਼ੀਲਤਾ ਅਤੇ ਨੇਕ ਰਾਹ ‘ਤੇ ਚਲਣ ਦਾ ਸੰਦੇਸ਼ ਦਿੰਦੀ ਹੈ। ਸ਼ਾਮ ਦੇ ਸਮੇਂ ਆਰਤੀ ਦੌਰਾਨ ਮੰਦਰਾਂ ਵਿਚ “ਹਰ ਹਰ ਮਹਾਦੇਵ” ਦੇ ਜੈਕਾਰੇ ਗੂੰਜੇ, ਜਿਸ ਨਾਲ ਪੂਰਾ ਇਲਾਕਾ ਭਗਤੀ ਰਸ ਵਿਚ ਡੁੱਬਿਆ ਨਜ਼ਰ ਆਇਆ।ਇਸ ਮੌਕੇ ਬਾਬਾ ਬਲਵਿੰਦਰ ਗਿਰੀ,ਸਨਾਤਨ ਧਰਮ ਮੰਚ ਦੇ ਪ੍ਰਧਾਨ ਬਲਵੀਰ ਬੀਰੂ ਸ਼ਰਮਾ , ਦਿਨੇਸ਼ ਕੁਮਾਰ ਜੌਲੀ, ਦੀਪੂ ਬਾਵਾ ਸਹਿਤ ਹੋਰ ਸੇਵਾ ਸੇਵਾਦਾਰ ਤੀ ਸੰਗਤਾਂ ਹਾਜ਼ਰ ਸਨ।