ਪ੍ਰਸ਼ਾਸ਼ਨ ਦੀ ਸਖਤੀ ਦੇ ਬਾਵਜੂਦ ਲੋਹੰਡ ਖੱਡ ਨਹਾਉਂਦੇ ਸਮੇਂ ਰੁੜਿਆ ਇਕ ਹੋਰ ਨੌਜਵਾਨ ਪੁਲਿਸ ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਲੋਹੰਡ ਖੱਡ ਵਾਪਰ ਰਹੇ ਹਨ ਹਾਦਸੇ
Publish Date: Tue, 18 Aug 2026 05:18 PM (IST)
Updated Date: Tue, 18 Aug 2026 05:21 PM (IST)
ਪਾਬੰਦੀ ਤੋਂ ਬਾਅਦ ਵੀ ਦਰਿਆ ’ਚ ਨਹਾਉਣ ਵਾਲਿਆਂ ’ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਥਾਣਾ ਮੁੱਖੀ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਅਧੀਨ ਵਾਰਡ ਨੰਬਰ ਪੰਜ ਕਲਿਆਣਪੁਰ ਸਥਿਤ ਲੋਹੰਡ ਖੱਡ ਵਿੱਚ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਪੁਲਿਸ ਪ੍ਰਸ਼ਾਸਨ ਵੱਲੋਂ ਹਰ ਸੰਭਵ ਹਾਦਸੇ ਰੋਕਣ ਲਈ ਕੋਸ਼ਿਸ਼ ਕੀਤੀ ਗਈ ਚੇਤਾਵਨੀ ਬੋਰਡ ਲਗਾਏ ਗਏ ਸੀਮੇਂਟ ਦੇ ਪੋਲ ਗੱਡ ਕੇ ਕੰਡਾ ਤਾਰ ਲਗਾਈ ਗਈ, ਸਮੇਂ ਸਮੇਂ ਦੌਰਾਨ ਪੁਲਿਸ ਵੱਲੋਂ ਗਸਤ ਕੀਤੀ ਗਈ, ਬਾਹਰੋਂ ਆਏ ਨੌਜਵਾਨਾਂ ਦੇ ਵਾਹਨਾਂ ਦੇ ਚਲਾਨ ਕੀਤੇ ਗਏ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਵੱਲੋਂ ਹਾਦਸੇ ਰੋਕਣ ਲਈ ਦੌਰੇ ਕੀਤੇ ਗਏ ਪਰ ਹਾਦਸੇ ਹੁਣ ਵੀ ਵਾਪਰ ਰਹੇ ਹਨ ਅਤੇ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਜੇਕਰ ਗੱਲ ਤਾਜ਼ਾ ਹਾਲਾਤਾਂ ਦੀ ਕੀਤੀ ਜਾਵੇ ਤਾਂ ਬੀਤੇ ਕੱਲ ਕਲਿਆਣਪੁਰ ਸਥਿਤ ਪੈਂਦੀ ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਇੱਕ ਨੌਜਵਾਨ ਪਾਣੀ ਦੇ ਤੇਜ ਵਹਾਅ ਵਿੱਚ ਰੁੜ ਗਿਆ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ 20 ਮਈ, 10 ਜੂਨ, 17 ਜੂਨ ਅਤੇ 31 ਜੁਲਾਈ ਨੂੰ ਲੌਹੰਡ ਖੱਡ ਵਿੱਚ ਜਿੱਥੇ ਐਸਵਾਈਐਲ ਨਹਿਰ ਦਾ ਪਾਣੀ ਸਤਲੁਜ ਦਰਿਆ ਨੂੰ ਛੱਡਿਆ ਗਿਆ ਹੈ ਉਸ ਜਗ੍ਹਾ ’ਤੇ ਨਹਾਉਂਦੇ ਸਮੇਂ ਚਾਰ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ ਜਿਨ੍ਹਾਂ ਵਿੱਚ ਇੱਕ ਪੰਜਾਬ ਪੁਲਿਸ ਦਾ ਜਵਾਨ ਵੀ ਸ਼ਾਮਿਲ ਸੀ, ਪਰ ਹੁਣ ਇਹ ਗਿਣਤੀ ਪੰਜ ਹੋ ਗਈ ਹੈ। ਇਨ੍ਹਾਂ ਹਾਦਸਿਆਂ ਦੇ ਬਾਵਜੂਦ ਬਾਹਰਲੇ ਇਲਾਕਿਆਂ ਤੋਂ ਆਏ ਨੌਜਵਾਨ ਇੱਥੇ ਨਹਾਉਣ ਤੋਂ ਗੁਰੇਜ ਨਹੀਂ ਕਰਦੇ ਅਤੇ ਸ਼ੋਸ਼ਲ ਮੀਡੀਆ ’ਤੇ ਰੀਲਾਂ ਬਣਾਉਣ ਦੇ ਚੱਕਰ ਵਿੱਚ ਲਾਪਰਵਾਹੀ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਤਾਜ਼ਾ ਮਾਮਲੇ ਵਿੱਚ ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਤੇਜ ਪਾਣੀ ਦੇ ਵਹਾਉ ਵਿੱਚ ਰੁੜਨ ਵਾਲੇ ਨੌਜਵਾਨ ਦੀ ਪਹਿਚਾਣ ਰੋਹਿਤ ਕੁਮਾਰ ਉਮਰ 34 ਸਾਲ ਪੁੱਤਰ ਰਵੀ ਕੁਮਾਰ ਵਾਸੀ ਉਪਲੀ ਰੋਡ ਸੰਗਰੂਰ ਪੰਜਾਬ ਵਜੋਂ ਹੋਈ ਹੈ। ਸਾਵਨ ਦੇ ਨਵਰਾਤਰੇ ਚੱਲ ਰਹੇ ਹਨ ਅਤੇ ਇਹ ਨੌਜਵਾਨ ਰੋਹਿਤ ਕੁਮਾਰ ਆਪਣੇ ਦੋਸਤ ਸ਼ੁਭਮ ਪੁੱਤਰ ਬਲਜਿੰਦਰ ਪਾਲ ਸਿੰਘ, ਆਪਣੀ ਭੈਣ ਸ਼ਿਵਾਨੀ ਅਤੇ ਭਤੀਜੇ ਸੁਖਮਨਦੀਪ ਸਿੰਘ ਸਮੇਤ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾ ਲਈ ਆਇਆ ਸੀ। ਨੈਣਾ ਦੇਵੀ ਨਤਮਸਤਕ ਹੋਣ ਤੋਂ ਬਾਅਦ ਵਾਪਸ ਸੰਗਰੂਰ ਵੱਲ ਜਾਂਦੇ ਸਮੇਂ ਰੋਹਿਤ ਕੁਮਾਰ ਦੀ ਨਜ਼ਰ ਸ਼੍ਰੀ ਕੀਰਤਪੁਰ ਸਾਹਿਬ ਰੂਪ ਨਗਰ ਮੁੱਖ ਮਾਰਗ ’ਤੇ ਲੋਹੰਡ ਖੱਡ ਵਿੱਚ ਨਹਾਉਂਦੇ ਹੋਏ ਕੁਝ ਨੌਜਵਾਨਾਂ ਤੇ ਪਈ, ਅਤੇ ਇਹ ਨੌਜਵਾਨ ਵੀ ਗਰਮੀ ਕਾਰਨ ਨਹਾਉਣ ਚਲੇ ਗਏ। ਰੋਹਿਤ ਕੁਮਾਰ ਦੇ ਦੋਸਤ ਸ਼ੁਭਮ ਨੇ ਦੱਸਿਆ ਕਿ ਨਹਾਉਂਦੇ ਸਮੇਂ ਰੋਹਿਤ ਕੁਮਾਰ ਅਚਾਨਕ ਪਾਣੀ ਵਿੱਚ ਥੋੜਾ ਅੱਗੇ ਚਲਾ ਗਿਆ ਅਤੇ ਪਾਣੀ ਦੇ ਤੇਜ ਵਹਾਅ ਕਾਰਨ ਡੁੱਬਣ ਲੱਗਾ। ਘਬਰਾਏ ਹੋਏ ਸ਼ੋਭਾ ਅਤੇ ਉਸਦੇ ਸਾਥੀਆਂ ਨੇ ਰੋਹਿਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਰੌਲਾ ਪਾਇਆ ਪਰ ਡੂੰਘੇ ਪਾਣੀ ਵਿੱਚ ਜਾਣ ਕਾਰਨ ਬਚਾਉਣ ਵਿੱਚ ਅਸਫਲ ਰਹੇ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਮੁਖੀ ਰਾਹੂਲ ਸ਼ਰਮਾ ਨੇ ਦੱਸਿਆ ਕਿ ਸਾਡੇ ਵੱਲੋਂ ਬਾਹਰ ਤੋਂ ਆਉਣ ਵਾਲੇ ਸੈਲਾਨੀਆਂ ਅਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੀ ਸੰਗਤ ਨੂੰ ਨਹਾਉਣ ਤੋਂ ਰੋਕਣ ਲਈ ਇੱਥੇ ਸੂਚਨਾ ਬੋਰਡ, ਐਸ ਵਾਈ ਐਲ ਨਹਿਰ, ਭਾਖੜਾ ਨਹਿਰ ਅਤੇ ਸਤਲੁਜ ਦਰਿਆ ਦੇ ਸੁਮੇਲ ਨੂੰ ਜਾਂਦੇ ਰਸਤੇ ’ਤੇ ਕੰਡਿਆਲੀ ਤਾਰ, ਨੌਜਵਾਨਾਂ ਦੇ ਵਾਹਨਾਂ ਦੇ ਚਲਾਣ ਸਮੇਤ ਸਮੇਂ ਸਮੇਂ ’ਤੇ ਗਸਤ ਅਤੇ ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਨਹਾਉਣ ’ਤੇ ਪਾਬੰਦੀ ਲਗਾਈ ਹੈ, ਪਰ ਇਸ ਦੇ ਬਾਵਜੂਦ ਲੋਕ ਨਹਾਉਂਣ ਤੋਂ ਨਹੀਂ ਹਟਦੇ। ਥਾਣਾ ਮੁਖੀ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਪਾਣੀ ਦੀ ਰਫਤਾਰ ਅਤੇ ਗਹਿਰਾਈ ਦੀ ਜਾਣਕਾਰੀ ਹੈ ਪਰ ਜਿਹੜੇ ਲੋਕ ਵੱਖ-ਵੱਖ ਧਾਰਮਿਕ ਅਸਥਾਨਾਂ ਅਤੇ ਹਿਮਾਚਲ ਪ੍ਰਦੇਸ਼ ਸੈਲਾਨੀ ਘੁੰਮਣ ਜਾਂਦੇ ਹਨ ਉਹਨਾਂ ਨੂੰ ਪਾਣੀ ਦੇ ਗਹਿਰਾਈ, ਤੇਜ਼ ਰਫਤਾਰ ਸਬੰਧੀ ਜਾਣਕਾਰੀ ਨਹੀਂ ਹੁੰਦੀ ਅਤੇ ਜਿਆਦਾਤਰ ਉਹ ਸ਼ੋਸ਼ਲ ਮੀਡੀਆ ’ਤੇ ਰੀਲਾਂ ਬਣਾਉਂਦੇ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਥਾਣਾ ਮੁੱਖੀ ਨੇ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਗੁਰਧਾਮਾਂ ਦੇ ਦਰਸ਼ਨਾਂ ਅਤੇ ਘੁੰਮਣ ਆਏ ਨੌਜਵਾਨਾਂ ਨੂੰ ਨਹਿਰਾਂ ਅਤੇ ਦਰਿਆਵਾਂ ਦੇ ਕਿਨਾਰਿਆਂ ’ਤੇ ਨਹਾਉਣ ਲਈ ਰੋਕਣਾ ਚਾਹੀਦਾ ਹੈ ਅਤੇ ਘੁੰਮਣ ਗਏ ਨੌਜਵਾਨਾਂ ਦੀ ਸਮੇਂ ਸਮੇਂ ਦੌਰਾਨ ਜਾਣਕਾਰੀ ਰੱਖਣੀ ਚਾਹੀਦੀ ਹੈ। ਪੁਲਿਸ ਪ੍ਰਸ਼ਾਸਨ ਅਤੇ ਰੋਹਿਤ ਕੁਮਾਰ ਦੇ ਸਾਥੀਆਂ ਵੱਲੋਂ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਹ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚ ਗਏ ਸਨ। ਪਾਣੀ ਵਿੱਚ ਰੁੜੇ ਨੌਜਵਾਨ ਦੀ ਭਾਲ ਜਾਰੀ ਸੀ। ਥਾਣਾ ਮੁੱਖੀ ਨੇ ਦੱਸਿਆ ਕਿ ਭਵਿੱਖ ਵਿੱਚ ਇਸ ਜਗ੍ਹਾ ’ਤੇ ਨਹਾਉਣ ਵਾਲੇ ਨੌਜਵਾਨਾਂ ਖਿਲਾਫ ਮਾਮਲੇ ਦਰਜ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਹਾਦਸਾ ਨਾ ਵਾਪਰੇ।