ਬੁੰਗਾ ਸਾਹਿਬ ਨੇੜੇ ਮੀਟ-ਮੱਛੀ ਦੇ ਅਹਾਤੇ ਤੁਰੰਤ ਬੰਦ ਕਰਵਾਉਣ ਦੀ ਮੰਗ ਬੁੰਗਾ ਸਾਹਿਬ ਨੇੜੇ ਮੀਟ-ਮੱਛੀ ਦੇ ਅਹਾਤੇ ਤੁਰੰਤ ਬੰਦ ਕਰਵਾਉਣ ਦੀ ਮੰਗ
Publish Date: Thu, 08 Oct 2026 03:59 PM (IST)
Updated Date: Thu, 08 Oct 2026 03:59 PM (IST)
ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ ਨੇ ਜਥੇਦਾਰ ਨੂੰ ਦਿੱਤਾ ਮੰਗ ਪੱਤਰ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ,ਸ੍ਰੀ ਅਨੰਦਪੁਰ ਸਾਹਿਬ : ਇਲਾਕੇ ਦੇ ਪ੍ਰਸਿੱਧ ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ ਵੱਲੋਂ ਸਿੱਖ ਪੰਥ ਨਾਲ ਸਬੰਧਤ ਅਹਿਮ ਮਸਲਾ ਉਠਾਉਂਦਿਆਂ ਬੁੰਗਾ ਸਾਹਿਬ ਨੇੜੇ ਚੱਲ ਰਹੀਆਂ ਮੀਟ-ਮੱਛੀ ਦੀਆਂ ਦੁਕਾਨਾਂ ਅਤੇ ਅਹਾਤਿਆਂ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ। ਸ਼ਮਸ਼ੇਰ ਸਿੰਘ ਡੂਮੇਵਾਲ ਨੇ ਮੰਗ ਪੱਤਰ ’ਚ ਕਿਹਾ ਕਿ ਬੁੰਗਾ ਸਾਹਿਬ ਸਮੇਤ ਇਹ ਸਮੁੱਚਾ ਇਲਾਕਾ ਸਿੱਖ ਇਤਿਹਾਸ ਦੀਆਂ ਮਹਾਨ ਸ਼ਹਾਦਤਾਂ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਵੱਲੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਤੋਂ ਬਾਅਦ ਬਾਈਧਾਰ ਦੇ ਪਹਾੜੀ ਰਾਜਿਆਂ ਵੱਲੋਂ ਗੁਰੂ ਕੇ ਵਹੀਰ ’ਤੇ ਹਮਲਾ ਕੀਤਾ ਗਿਆ ਸੀ। ਇਸ ਧਰਤੀ ’ਤੇ ਬੀਬੀ ਭਿੱਖਾ, ਭਾਈ ਜੈਤਾ ਜੀ ਅਤੇ ਸ਼ਹੀਦ ਭਾਈ ਉਦੇ ਸਿੰਘ ਸਮੇਤ 200 ਤੋਂ ਵੱਧ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਇਸ ਤੋਂ ਪਹਿਲਾਂ ਇਹ ਇਲਾਕਾ ਨਿਰਮੋਹਗੜ੍ਹ ਦੀ ਜੰਗ ਦਾ ਵੀ ਗਵਾਹ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਧਰਤੀ ਤੇ ਸਿੱਖ ਇਤਿਹਾਸ ਦੇ ਅਹਿਮ ਸਾਕੇ ਵਾਪਰੇ, ਉੱਥੇ ਬੁੰਗਾ ਸਾਹਿਬ ਨੇੜੇ ਲਗਭਗ ਚਾਰ ਕਿਲੋਮੀਟਰ ਦੇ ਖੇਤਰ ’ਚ ਮੀਟ-ਮੱਛੀ ਦੇ ਅਹਾਤੇ ਖੁੱਲ੍ਹੇ ਹੋਏ ਹਨ। ਉਨ੍ਹਾਂ ਅਨੁਸਾਰ ਇੱਥੇ ਸ਼ਾਮ ਸਮੇਂ ਵੱਡੀ ਗਿਣਤੀ ’ਚ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ, ਜਿਸ ਨਾਲ ਇਸ ਪਵਿੱਤਰ ਇਤਿਹਾਸਕ ਖੇਤਰ ਦੀ ਮਰਿਆਦਾ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਜਥੇਦਾਰ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੂੰ ਇਨ੍ਹਾਂ ਖੋਖਿਆਂ ਅਤੇ ਅਹਾਤਿਆਂ ਨੂੰ ਤੁਰੰਤ ਹਟਾਉਣ ਲਈ ਹਦਾਇਤ ਕਰਨ। ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮੰਗ ਪੱਤਰ ਤੇ ਜਲਦ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ , ਪ੍ਰਿੰਸੀਪਲ ਭਾਈ ਚਰਨਜੀਤ ਸਿੰਘ, ਭਾਈ ਹਰਦੇਵ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।