ਯਾਰਾ ਫਰਟੀਲਾਈਜ਼ਰ ਦੇ ਸਟਾਲਾਂ ’ਤੇ ਰੋਕ ਲਾਉਣ ਦੀ ਮੰਗ ਕਿਸਾਨ ਮੇਲਿਆਂ ਦੌਰਾਨ ਯਾਰਾ ਫਰਟੀਲਾਈਜ਼ਰ ਦੇ ਸਟਾਲਾਂ ’ਤੇ ਰੋਕ ਲਗਾਉਣ ਦੀ ਮੰਗ
Publish Date: Sat, 29 Aug 2026 03:26 PM (IST)
Updated Date: Sat, 29 Aug 2026 03:28 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰੂਪਨਗਰ ਮਲਕੀਤ ਸਿੰਘ ਸੇਖੋਂ ਕਕਰਾਲੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਯਾਰਾ ਫਰਟੀਲਾਈਜ਼ਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਯਾਰਾਵੀਟਾ, ਜ਼ਿੰਕ ਪ੍ਰੋਕੋਟ 39.5 ਫੀਸਦੀ ਦੀ ਗੁਣਵੱਤਾ ਸਬੰਧੀ ਸਾਹਮਣੇ ਆਏ ਮਾਮਲੇ ’ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਖੇਤੀਬਾੜੀ ਵਿਭਾਗ ਦੀ ਜਾਂਚ ਵਿਚ ਉਤਪਾਦ ਵਿਚ ਜ਼ਿੰਕ ਦੀ ਮਾਤਰਾ 1.74 ਫੀਸਦੀ ਪਾਈ ਜਾਣ ਅਤੇ ਪ੍ਰਾਈਵੇਟ ਲੈਬ ਦੀਆਂ ਰਿਪੋਰਟਾਂ ਵਿਚ ਵੀ ਗੰਭੀਰ ਸਵਾਲ ਸਾਹਮਣੇ ਆਉਣ ਕਾਰਨ ਕਿਸਾਨਾਂ ਵਿਚ ਕੰਪਨੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਯਾਰਾ ਜ਼ਿੰਕ ਪ੍ਰੋਕੋਟ ਸਮੇਤ ਕੰਪਨੀ ਦੇ ਉਤਪਾਦਾਂ ਦੇ ਸਰਕਾਰੀ ਨਮੂਨੇ ਲੈ ਕੇ ਜਾਂਚ ਕਰਵਾਈ ਜਾਵੇ ਅਤੇ ਜਾਂਚ ਪੂਰੀ ਹੋਣ ਤੱਕ ਕੰਪਨੀ ਦੇ ਪ੍ਰਚਾਰ, ਪ੍ਰਦਰਸ਼ਨੀ ਅਤੇ ਵਿਕਰੀ ਸਟਾਲਾਂ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਅਪੀਲ ਕੀਤੀ ਕਿ ਸਤੰਬਰ ਮਹੀਨੇ ਤੋਂ ਪੰਜਾਬ ਵਿਚ ਲੱਗਣ ਵਾਲੇ ਕਿਸਾਨ ਮੇਲਿਆਂ ਵਿਚ ਇਸ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦਾ ਸਟਾਲ ਲਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕਿਸਾਨ ਮੇਲੇ ਕਿਸਾਨਾਂ ਨੂੰ ਸਹੀ ਅਤੇ ਭਰੋਸੇਯੋਗ ਖੇਤੀਬਾੜੀ ਜਾਣਕਾਰੀ ਦੇਣ ਲਈ ਹੁੰਦੇ ਹਨ, ਨਾ ਕਿ ਸ਼ੱਕੀ ਗੁਣਵੱਤਾ ਵਾਲੇ ਉਤਪਾਦਾਂ ਦੀ ਮਸ਼ਹੂਰੀ ਲਈ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਤੱਕ ਖੇਤੀਬਾੜੀ ਵਿਭਾਗ ਵੱਲੋਂ ਲਏ ਗਏ ਨਮੂਨਿਆਂ ਦੀ ਰਿਪੋਰਟ ਨਹੀਂ ਆ ਜਾਂਦੀ, ਯਾਰਾ ਪ੍ਰੋਕੋਟ ਜ਼ਿੰਕ ਦੀ ਵਿਕਰੀ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਕਿਸਾਨ ਮੇਲੇ ਵਿਚ ਯਾਰਾ ਕੰਪਨੀ ਦਾ ਸਟਾਲ ਲਗਾਇਆ ਗਿਆ ਤਾਂ ਕਿਸਾਨ ਜੱਥੇਬੰਦੀਆਂ ਵੱਲੋਂ ਇਸ ਦਾ ਪੁਰਜ਼ੋਰ ਅਤੇ ਲੋਕਤੰਤਰਿਕ ਢੰਗ ਨਾਲ ਵਿਰੋਧ ਕੀਤਾ ਜਾਵੇਗਾ ਅਤੇ ਇਸ ਲਈ ਸੰਬੰਧਿਤ ਵਿਭਾਗ ਜ਼ਿੰਮੇਵਾਰ ਹੋਵੇਗਾ।