2021 ’ਚ ਰੋਕੇ ਗਏ ਅੰਡਰ ਪਾਸ ਨੂੰ ਮੁੜ ਬਣਾਉਣ ਦੀ ਉੱਠੀ ਮੰਗ ਸਾਲ 2021 ਵਿੱਚ ਰੋਕ ਕੇ ਗਏ ਅੰਡਰ ਪਾਸ ਨੂੰ ਮੁੜ ਬਣਾਉਣ ਦੀ ਉੱਠੀ ਮੰਗ
Publish Date: Wed, 21 Oct 2026 05:41 PM (IST)
Updated Date: Wed, 21 Oct 2026 05:42 PM (IST)
ਸਿਆਸਤ ਦੇ ਚੱਲਦਿਆਂ ਸ਼ਮਸ਼ਾਨ ਘਾਟ ਨੂੰ ਜਾਣ ਦਾ ਸਫ਼ਰ ਹੋਇਆ ਦੁੱਗਣਾ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਕਿਸੇ ਵੀ ਮਨੁੱਖ ਦੇ ਮਰ ਜਾਣ ਤੇ ਉਸ ਦੀ ਅੰਤਿਮ ਯਾਤਰਾ ਨੂੰ ਸੁਖਦ ਬਣਾਉਣ ਦੇ ਲਈ ਮਤਲਬ ਕਿ ਸ਼ਮਸ਼ਾਨ ਘਾਟ ਤੱਕ ਪਹੁੰਚਾਉਣ ਦੇ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਆਗੂ ਅਜਿਹੇ ਉਪਰਾਲੇ ਕਰਦੇ ਹਨ ਕਿ ਰਾਹ ਸੌਖਾ ਅਤੇ ਵਧੀਆ ਹੋਵੇ ਅਤੇ ਇਹ ਪਹਿਲੀ ਵਾਰੀ ਹੋਵੇਗਾ ਕਿ ਨੰਗਲ ਸ਼ਹਿਰ ’ਚ ਕੁਝ ਰਾਜਨੀਤਿਕ ਆਗੂਆਂ ਦੀ ਬਦੌਲਤ ਸ਼ਮਸ਼ਾਨ ਘਾਟ ਨੂੰ ਜਾਣ ਵਾਲੇ ਰਸਤੇ ਦਾ ਸਫਰ ਹੀ ਦੋ ਗੁਣਾ ਹੋ ਗਿਆ। ਇਥੇ ਹੀ ਬਸ ਨਹੀਂ ਇਹਨਾਂ ਕੁਝ ਆਗੂਆਂ ਨੇ ਅੰਡਰ ਪਾਸ ਦਾ ਕੰਮ ਰੁਕਵਾ ਕੇ ਨਾ ਸਿਰਫ ਸ਼ਹਿਰ ਦੇ ਵਿਕਾਸ ਨੂੰ ਹੀ ਰੋਕ ਲਾ ਦਿੱਤੀ ਸਗੋਂ ਅੰਤਿਮ ਯਾਤਰਾ ਦੇ ਲਈ ਸ਼ਮਸ਼ਾਨ ਘਾਟ ਨੂੰ ਜਾਣ ਵਾਲਾ ਰਸਤਾ ਵੀ ਔਖਾ ਕਰ ਦਿੱਤਾ। ਸ਼ਾਇਦ ਇਹ ਮਸਲਾ ਬਿਲਕੁਲ ਵੀ ਨਾ ਉੱਠਦਾ ਜੇਕਰ ਸ਼ਹਿਰ ਦੀ ਜਾਗਦੀ ਜਮੀਰ ਵਾਲੇ ਕੁਝ ਲੋਕ ਅੰਡਰ ਪਾਸ ਨੂੰ ਬਣਾਉਣ ਦੇ ਲਈ ਦੁਬਾਰਾ ਆਵਾਜ਼ ਨਾ ਉਠਾਉਂਦੇ। ਦੱਸਣਾ ਬਣਦਾ ਹੈ ਕਿ ਰਾਣਾ ਔਂਕਾਰ ਸਿੰਘ ਦੀ ਅਗਵਾਈ ਦੇ ’ਚ ਇੱਕ 30 ਮੈਂਬਰੀ ਸੰਘਰਸ਼ ਕਮੇਟੀ ਬਣਾਈ ਗਈ ਹੈ ਜੋ ਕਿ ਅੰਡਰ ਪਾਸ ਨੂੰ ਦੁਬਾਰਾ ਸ਼ੁਰੂ ਕਰਵਾਉਣ ਦੇ ਲਈ ਯਤਨ ਆਰੰਭੇਗੀ। ਆਪਣਿਆਂ ਨੇ ਹੀ ਰੁਕਵਾਇਆ ਸੀ ਅੰਡਰ ਪਾਸ ਜੇਕਰ ਪਿਛਲੇ ਸਮੇਂ ’ਚ ਝਾਤ ਮਾਰੀਏ ਤਾਂ ਜਦੋਂ ਅਜੇ ਫਲਾਈ ਓਵਰ ਬਣ ਰਿਹਾ ਸੀ ਤਾਂ ਇਸ ਦੇ ਥੱਲੇ ਅੰਡਰ ਪਾਸ ਬਣਾਉਣ ਦੀ ਤਜਵੀਜ ਵੀ ਰੱਖ ਦਿੱਤੀ ਗਈ ਸੀ, ਪਰ ਕੁਝ ਵਪਾਰੀ ਅਤੇ ਕੁਝ ਲੋਕ ਇਸ ਅੰਡਰ ਪਾਸ ਨੂੰ ਨਹੀਂ ਬਣਨ ਦੇਣਾ ਚਾਹੁੰਦੇ ਸਨ ਅਤੇ ਬਕਾਇਦਾ ਅੱਠ ਜਨਵਰੀ 2022 ਨੂੰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਵੱਲੋਂ ਇੱਕੋ ਦਿਨ ’ਚ ਵੱਖ-ਵੱਖ ਪੱਤਰਕਾਰ ਸੰਮੇਲਨ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਅਸੀਂ ਅੰਡਰ ਪਾਸ ਦੇ ਕੰਮ ਨੂੰ ਰੁਕਵਾ ਦਿੱਤਾ ਹੈ। ਇਸ ਦੇ ’ਚ ਕਾਂਗਰਸ ਵੱਲੋਂ ਤਰਕ ਦਿੱਤਾ ਗਿਆ ਸੀ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਲੀ ਭੇਜ ਕੇ ਵਿਧਾਇਕ ਵੱਲੋਂ ਲਿਖਿਆ ਪੱਤਰ ਦਿੱਤਾ ਗਿਆ ਸੀ, ਜਿਸ ਦੇ ਕਾਰਨ ਇਹ ਕੰਮ ਰੁਕਿਆ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਉਸ ਵੇਲੇ ਦੇ ਆਗੂਆਂ ਵੱਲੋਂ ਕਾਂਗਰਸ ਦੇ ਦਿੱਤੇ ਜਾਣ ਵਾਲੇ ਪੱਤਰ ਨੂੰ ਝੂਠ ਦੀ ਰਾਜਨੀਤੀ ਦੱਸਿਆ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਇਸ ਅੰਡਰ ਪਾਸ ਨੂੰ ਭਾਰਤੀ ਜਨਤਾ ਪਾਰਟੀ ਦੇ ਨੰਗਲ ਮੰਡਲ ਦੇ ਤਤਕਾਲੀ ਪ੍ਰਧਾਨ ਰਾਜੇਸ਼ ਚੌਧਰੀ ਦੇ ਨਾਲ ਮਿਲੇ ਵਫਦ ਕਾਰਨ ਸੰਭਵ ਹੋਇਆ ਸੀ ਅਤੇ ਮੌਕੇ ਤੇ ਪੱਤਰਕਾਰਾਂ ਨੂੰ ਪੱਤਰ ਵੀ ਵਿਖਾਇਆ ਗਿਆ ਸੀ। ਦੂਸਰੇ ਪਾਸੇ ਤਤਕਾਲੀ ਬਲਾਕ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਉਮਾਕਾਂਤ ਸ਼ਰਮਾ ਵੱਲੋਂ ਆਪਣੇ ਸਾਥੀਆਂ ਦੇ ਨਾਲ ਪੱਤਰਕਾਰ ਸੰਮੇਲਨ ਕਰਕੇ ਕਿਹਾ ਗਿਆ ਸੀ ਕਿ ਜੋ ਚਿੱਠੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਦਿਖਾਈ ਜਾ ਰਹੀ ਹੈ ਉਸ ’ਚ ਸਾਫ ਸਾਫ ਲਿਖਿਆ ਗਿਆ ਹੈ ਕਿ ਇਹ ਸਰਕਾਰ ਨੇ ਦੇਖਣਾ ਹੈ ਕਿ ਅੰਡਰ ਪਾਸ ਬਣਨਾ ਚਾਹੀਦਾ ਹੈ ਕਿ ਨਹੀਂ ਅਤੇ ਉਹਨਾਂ ਨੇ ਆਪਣੇ ਪੱਤਰਕਾਰ ਸੰਮੇਲਨ ’ਚ ਇਹ ਗੱਲ ਵੀ ਕਹੀ ਸੀ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਸੀ ਅਤੇ ਸਾਡੇ ਵੱਲੋਂ ਇਹ ਲਿਖਿਆ ਗਿਆ ਸੀ ਕਿ ਸਾਨੂੰ ਅੰਡਰ ਪਾਸ ਦੀ ਲੋੜ ਨਹੀਂ ਹੈ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਆਗੂ ਬਲਰਾਮ ਪਰਾਸ਼ਰ ਨੇ ਗੱਲ ਕਰਦਿਆਂ ਕਿਹਾ ਕਿ ਨੰਗਲ ਸ਼ਹਿਰ ਦੇ ’ਚ ਰੋਕੇ ਗਏ ਅੰਡਰ ਪਾਸ ਦਾ ਬਣਨਾ ਬਹੁਤ ਜਰੂਰੀ ਸੀ ਅਤੇ ਇਹ ਚੋਣਾਂ ਦੀ ਰਾਜਨੀਤੀ ਦੀ ਭੇਟ ਚੜ ਗਿਆ ਸੀ ਪਰ ਜੇਕਰ ਸੂਬੇ ਦੀ ਸਰਕਾਰ ’ਚ ਅਹਿਮ ਭੂਮਿਕਾ ਨਿਭਾਅ ਰਹੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੀ ਨਗਰ ਕੌਸਲ ਤੋਂ ਮਤਾ ਪੁਆਉਂਦੇ ਹਨ ਤਾਂ ਇਸ ਅੰਡਰ ਪਾਸ ਨੂੰ ਬਣਾਉਣ ਦੇ ਲਈ ਜਾਂ ਫਾਟਕ ਨੂੰ ਖੁਲਵਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ ਕਿਉਂਕਿ ਇਹ ਫਾਟਕ ਜਾਂ ਅੰਡਰ ਪਾਸ ਲੋਕ ਹਿੱਤ ਲਈ ਖੁੱਲਣਾ ਬੜਾ ਜਰੂਰੀ ਹੈ।