ਏਡਿਡ ਸਕੂਲਾਂ ਦੇ ਵਫਦ ਵਲੋਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਨਾਲ ਕੀਤੀ ਮੀਟਿੰਗ ਏਡਿਡ ਸਕੂਲਾਂ ਦੇ ਵਫਦ ਵਲੋਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਨਾਲ ਕੀਤੀ ਮੀਟਿੰਗ
Publish Date: Wed, 09 Sep 2026 05:31 PM (IST)
Updated Date: Wed, 09 Sep 2026 05:31 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਇੱਕ ਵਫਦ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ’ਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਸਟਾਫ਼ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਵੱਧ ਸਮੇਂ ਤੋਂ ਤਨਖਾਹਾਂ ਨਹੀਂ ਮਿਲੀਆਂ । ਇਸ ਸਬੰਧੀ ਯੂਨੀਅਨ ਦੇ ਵਫਦ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਏਡਿਡ ਸਕੂਲਾਂ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਾਣਕਾਰੀ ਦਿੱਤੀ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਫਦ ਦੀਆਂ ਮੰਗਾਂ ਨੂੰ ਬਹੁਤ ਧਿਆਨਪੂਰਵਕ ਸੁਣਿਆ ਅਤੇ ਇਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਲਈ ਅਧਿਕਾਰੀਆਂ ਨੂੰ ਟੈਲੀਫੋਨ ’ਤੇ ਰੁਕੀਆਂ ਤਨਖਾਹਾਂ ਨੂੰ ਤਰੁੰਤ ਜਾਰੀ ਕਰਨ ਦੇ ਲਈ ਜਰੂਰੀ ਹਦਾਇਤਾਂ ਦਿੱਤੀਆਂ ਅਤੇ ਬਾਕੀ ਮੰਗਾਂ ਉੱਤੇ ਚਰਚਾ ਕਰਨ ਲਈ ਅਗਲੇ ਹਫਤੇ ਯੂਨੀਅਨ ਦੇ ਵਫਦ ਨੂੰ ਚੰਡੀਗੜ੍ਹ ਮਿਲਣ ਦਾ ਸੱਦਾ ਦਿੱਤਾ । ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਤੋਂ ਇਲਾਵਾ ਸਟੇਟ ਕਾਰਜਕਾਰਨੀ ਮੈਂਬਰ ਹਣਜੀਤ ਸਿੰਘ ਅਨੰਦਪੁਰ, ਪਰਮਜੀਤ ਸਿੰਘ ਲੁਧਿਆਣਾ, ਪ੍ਰਿੰ ਪਰਵਿੰਦਰ ਸਿੰਘ ਰਾਣਾ ਪ੍ਰਧਾਨ ਨਵਾਂਸ਼ਹਿਰ , ਸੁਰਿੰਦਰ ਸ਼ਰਮਾ ਜਨਰਲ ਸਕੱਤਰ ਰੋਪੜ, ਦੀਪਕ ਚੌਪੜਾ ਨਵਾਂਸ਼ਹਿਰ, ਪ੍ਰਿੰਸੀਪਲ ਨਵਦੀਪ ਕੁਮਾਰ, ਵਰਿੰਦਰ ਕੁਮਾਰ ਅਤੇ ਵਿਨੇ ਕੁਮਾਰ ਹਾਜ਼ਰ ਸਨ।