ਰੂਪਨਗਰ ਬਾਈਪਾਸ ਸੜਕ ’ਚ ਪਏ ਡੂੰਘੇ ਖੱਡੇ ਦੇ ਰਹੇ ਹਨ ਹਾਦਸਿਆ ਨੂੰ ਸੱਦਾ ਰੂਪਨਗਰ ਬਾਈਪਾਸ ਸੜਕ ਵਿਚ ਪਏ ਡੂੰਘੇ ਖੱਡੇ ਦੇ ਰਹੇ ਹਨ ਹਾਦਸਿਆ ਨੂੰ ਸੱਦਾ
Publish Date: Mon, 17 Aug 2026 06:51 PM (IST)
Updated Date: Mon, 17 Aug 2026 06:54 PM (IST)
ਖੱਡਿਆ ਤੋਂ ਬਚਣ ਦੇ ਚੱਕਰ ’ਚ ਹੋ ਰਹੇ ਹਨ ਹਾਦਸੇ, ਵਿਭਾਗ ਬੇਖ਼ਬਰ ਲਖਵੀਰ ਖਾਬੜਾ,ਪੰਜਾਬੀ ਜਾਗਰਣ, ਰੂਪਨਗਰ: ਰੂਪਨਗਰ ਬਾਈਪਾਸ ‘ਤੇ ਆਏ ਦਿਨ ਹੋ ਰਹੇ ਹਾਦਸਿਆ ਪਿਛਲੇ ਸੜਕ ‘ਤੇ ਪਏ ਡੂੰਘੇ ਖੱਡੇ ਹਨ, ਜਿਸ ਤੋਂ ਵਿਭਾਗ ਬੇਖਬਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਈਪਾਸ ਤੋਂ ਰੂਪਨਗਰ ਜ਼ਿਲ੍ਹੇ ਦੇ ਹੀ ਨਹੀ ਸਗੋਂ ਦੁਆਬੇ ਦੇ ਦੂਜੇ ਜ਼ਿਲਿਆ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਮੰਤਰੀ ਲੰਘਦੇ ਹਨ ਪਰ ਸੜਕ ‘ਤੇ ਪਏ ਖੱਡਿਆ ਦਾ ਦਰਦ ਉਨ੍ਹਾਂ ਨੂੰ ਮਹਿਸੂਸ ਨਹੀ ਹੁੰਦਾ। ਜਾਣਕਾਰੀ ਅਨੁਸਾਰ ਰੂਪਨਗਰ ਬਾਈਪਾਸ ‘ਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ, ਜਲੰਧਰ, ਹੁਸਿਆਰਪੁਰ, ਕਪੂਰਥਲਾ, ਨਵਾਸ਼ਹਿਰ ਜਾਣ ਆਉਣ ਵਾਲੇ ਰਾਹਗੀਰ ਆਉਦੇ ਜਾਂਦੇ ਹਨ, ਇਸ ਕਰਕੇ ਹਰ ਸਮੇਂ ਇਹ ਸੜਕ ਆਵਾਜਾਈ ਵਿਚ ਵਿਆਸਥ ਰਹਿੰਦੀ ਹੈ ਪ੍ਰੰਤੂ ਵਿਭਾਗ ਇਸ ਦੀ ਸਮੇਂ ਸਿਰ ਰਿਪੇਅਰ ਕਰਨ ਵਿਚ ਦਿਲਚਸਪੀ ਨਹੀ ਦਿਖਾ ਰਿਹਾ ਕਿਉਕਿ ਪਿਛਲੇ ਲੰਬੇ ਤੋਂ ਸੜਕ ਵਿਚ ਜਿਹੜੇ ਛੋਟੇ ਖੱਡੇ ਸੀ ਹੁਣ ਵੱਡੇ ਬਣ ਗਏ ਜਿਸ ਕਾਰਨ ਆਏ ਦਿਨ ਖੱਡਿਆ ਤੋਂ ਬਚਣ ਦੇ ਚੱਕਰ ਵਿਚ ਹਾਦਸੇ ਵਾਪਰ ਰਹੇ ਹਨ। ਬਾਈਪਾਸ ’ਤੇ ਸ੍ਰੀ ਚਮਕੌਰ ਸਾਹਿਬ ਨੂੰ ਜਾਣ ਵਾਲੀ ਲਿੰਕ ਸੜਕ ਵਾਲੇ ਚੌਕ ਨੇੜੇ ਏਨੇ ਖੱਡੇ ਹਨ ਕਿ ਵੀਹਕਲ ਚਾਲਕ ਦੀ ਥੋੜੀ ਗਲਤੀ ਹੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇੱਕ ਪ੍ਰਾਈਵੇਟ ਸਕੂਲ ਵੱਲੋਂ ਚੌਕ ਤਾਂ ਬੜਾ ਸੋਹਣਾ ਬਣਾਇਆ ਹੈ ਪ੍ਰੰਤੂ ਚੌਕ ਦੇ ਆਲੇ ਦੁਆਲੇ ਪਏ ਖੱਡੇ ਵਿਭਾਗ ਦੀ ਅਣਗਹਿਲੀ ਕਾਰਨ ਗ੍ਰਹਿਣ ਬਣੇ ਹੋਏ ਹਨ। ਰੂਪਨਗਰ ਬਾਈਪਾਸ ‘ਤੇ ਕਾਰੋਬਾਰ ਕਰਨ ਵਾਲੇ ਰਾਜ ਸਿੰਘ, ਸੁਰਜਨ ਸਿੰਘ, ਮੋਮੀਨ ਮੁਹੰਮਦ, ਨਾਦੀਨ ਤੇ ਰੁਪਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਖੱਡੇ ਭਰੇ ਤਾਂ ਜਾਂਦੇ ਹਨ ਪਰ ਥੋੜੇ ਦਿਨਾਂ ਵਿਚ ਹੀ ਦੁਬਾਰਾ ਪੈ ਜਾਂਦੇ ਹਨ ਕਿਉਕਿ ਵਿਭਾਗ ਦੀ ਲੀਪਾਪੋਚੀ ਦੇ ਕਾਰਨ ਹੀ ਖੱਡੇ ਹਰ ਰੋਜ ਹਾਦਸਿਆ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾਕਿ ਪਿਛਲੇ ਸਮੇਂ ਵਿਚ ਇੱਕ ਕਾਰ ਚਾਲਕ ਨੇ ਖੱਡੇ ਤੋਂ ਬਚਣ ਲਈ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟਰ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਇਸੇ ਤਰਾਂ ਸ੍ਰੀ ਚਮਕੌਰ ਸਾਹਿਬ ਵਾਲੇ ਚੌਕ ਤੇ ਰੂਪਨਗਰ ਵੱਲੋਂ ਆਏ ਖੜ੍ਹੇ ਟਿੱਪਰ ਵਿਚ ਹੀ ਦੋ ਹਰ ਕਾਰਾਂ ਖੱਡੇ ਤੋਂ ਬਚਣ ਲਈ ਟਿੱਪਰ ਨਾਲ ਵੱਜੀਆ ਜਿਨ੍ਹਾਂ ਦਾ ਨੁਕਸਾਨ ਕਾਫੀ ਹੋਇਆ ਸੀ ਜਿਸ ਕਾਰਨ ਉਹ ਆਪਸ ਵਿਚ ਬਹਿਸਦੇ ਰਹੇ ਰਾਹਗੀਰਾਂ ਵਿਚ ਪੈ ਕੇ ਆਪਸੀ ਸਮਝੌਤਾ ਕਰਵਾਇਆ ਸੀ। ਉਨ੍ਹਾਂ ਕਿਹਾਕਿ ਵਿਭਾਗ ਨੂੰ ਬਾਈਪਾਸ ਦੀ ਜਲਦ ਤੋਂ ਜਲਦ ਮੁਰੰਮਤ ਕਰਨੀ ਚਾਹੀਦੀ ਹੈ ਤਾਂ ਕਿ ਸੜਕ ਵਿਚ ਪਏ ਡੂੰਘੇ ਖੱਡੇ ਕਿਸੇ ਵੱਡੇ ਹਾਦਸੇ ਦਾ ਕਾਰਨ ਨਾ ਬਣ ਜਾਵੇ। ਜਲਦ ਰਿਪੇਅਰ ਕੀਤੀ ਜਾ ਰਹੀ ਹੈ : ਜੇਈ ਲੋਕ ਨਿਰਮਾਣ ਵਿਭਾਗ ਦੇ ਜੇਈ ਸੰਦੀਪ ਰਾਏ ਨੇ ਕਿਹਾਕਿ ਰੂਪਨਗਰ ਬਾਈ ਪਾਸ ਤੇ ਪਏ ਖੱਡਿਆ ਦੀ ਜਲਦ ਰਿਪੇਅਰ ਬਰਸਾਤ ਦਾ ਸਮੇ ਲੰਘਣ ਤੋਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਕਿਹਾਕਿ ਇਸ ਸੜਕ ਦੀ ਵਿਭਾਗ ਸਮੇਂ ਸਮੇਂ ’ਤੇ ਰਿਪੇਅਰ ਕਰਦਾ ਹੈ ਹੁਣ ਮੀਂਹ ਪੈਣ ਕਾਰਨ ਥੋੜਾ ਲੇਟ ਹੋ ਗਿਆ ਹੈ। ਉਨ੍ਹਾਂ ਕਿਹਾਕਿ ਰਿਪੇਅਰ ਲਈ ਐਸਟੀਮੇਟ ਬਣ ਚੁੱਕਿਆ ਹੈ।