ਮੁੱਖ ਮਾਰਗ ’ਤੇ ਪਏ ਡੂੰਘੇ ਟੋਏ ਬਣੇ ਲੋਕਾਂ ਲਈ ਮੁਸੀਬਤ ਮੁੱਖ ਮਾਰਗ ’ਤੇ ਪਏ ਡੂੰਘੇ ਟੋਏ ਬਣੇ ਲੋਕਾਂ ਲਈ ਮੁਸੀਬਤ
Publish Date: Sat, 22 Aug 2026 04:57 PM (IST)
Updated Date: Sat, 22 Aug 2026 05:00 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੇ ਮੁੱਖ ਮਾਰਗ ’ਤੇ ਥਾਂ-ਥਾਂ ਪਏ ਵੱਡੇ-ਵੱਡੇ ਟੋਏ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸੜਕ ਦੀ ਮਾੜੀ ਹਾਲਤ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਟੋਏ ਵੱਡੀ ਮੁਸੀਬਤ ਬਣ ਰਹੇ ਹਨ। ਇਸ ਸਬੰਧੀ ਸਾਬਕਾ ਕੌਂਸਲਰ ਅਤੇ ਕਾਂਗਰਸੀ ਆਗੂ ਗੁਰਿੰਦਰ ਸਿੰਘ ਬੰਟੀ ਵਾਲੀਆ ਨੇ ਸੜਕ ’ਤੇ ਪਏ ਇੱਕ ਵੱਡੇ ਟੋਏ ਕੋਲ ਖੜ੍ਹ ਕੇ ਸ਼ੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਦਿਆਂ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਸੜਕ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਬੰਟੀ ਵਾਲੀਆ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸੜਕ ਦੀ ਹਾਲਤ ਕਈ ਥਾਵਾਂ ’ਤੇ ਬੇਹੱਦ ਖ਼ਰਾਬ ਹੈ ਅਤੇ ਥਾਂ-ਥਾਂ ਡੂੰਘੇ ਟੋਏ ਪਏ ਹੋਏ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਟੋਇਆਂ ਕਾਰਨ ਇੱਕ ਪ੍ਰੈੱਸ ਰਿਪੋਰਟਰ ਨਾਲ ਵੀ ਹਾਦਸਾ ਵਾਪਰਿਆ ਸੀ, ਜਦਕਿ ਪਿਛਲੇ ਸਾਲ ਉਨ੍ਹਾਂ ਦੀਆਂ ਵੀ ਦੋ ਗੱਡੀਆਂ ਦੇ ਟਾਇਰ ਇਸੇ ਸੜਕ ’ਤੇ ਨੁਕਸਾਨੇ ਗਏ ਸਨ। ਉਨ੍ਹਾਂ ਕਿਹਾ ਕਿ ਸੜਕ ’ਤੇ ਪਏ ਟੋਇਆਂ ਕਾਰਨ ਵਾਹਨਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ ਅਤੇ ਲੋਕਾਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸਫ਼ਰ ਕਰਨਾ ਪੈ ਰਿਹਾ ਹੈ। ਉਨ੍ਹਾਂ ਖ਼ਾਸ ਤੌਰ ’ਤੇ ਦੋਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਕੱਲ ਮਾਤਾ ਨੈਣਾ ਦੇਵੀ ਦਾ ਮੇਲਾ ਚੱਲ ਰਿਹਾ ਹੈ। ਇੱਕ ਮੋਟਰਸਾਈਕਲ ਜਾਂ ਸਕੂਟਰ ’ਤੇ ਅਕਸਰ ਪਰਿਵਾਰ ਦੇ ਦੋ-ਤਿੰਨ ਮੈਂਬਰ ਸਫ਼ਰ ਕਰਦੇ ਹਨ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਵਾਹਨ ਟੋਏ ਵਿੱਚ ਜਾ ਡਿੱਗੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਕਾਂਗਰਸੀ ਆਗੂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸੜਕ ਨ੍ਹਹੀਂ ਬਨਾਉਣੀ ਤਾਂ ਘੱਟੋ-ਘੱਟ ਸੜਕ ’ਤੇ ਪਏ ਟੋਇਆਂ ਨੂੰ ਤੁਰੰਤ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤ ਹੁਣ ਲਗਾਤਾਰ ਨਹੀਂ ਹੋ ਰਹੀ ਅਤੇ ਜੇਕਰ ਮਿੱਟੀ, ਮਿਕਸ ਜਾਂ ਹੋਰ ਢੁਕਵੀਂ ਸਮੱਗਰੀ ਪਾ ਕੇ ਟੋਇਆਂ ਨੂੰ ਆਰਜ਼ੀ ਤੌਰ ’ਤੇ ਵੀ ਭਰ ਦਿੱਤਾ ਜਾਵੇ ਤਾਂ ਲੋਕਾਂ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਰਗ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲੇ ਇਲਾਕਿਆਂ ਨੂੰ ਜੋੜਦਾ ਹੈ ਅਤੇ ਇੱਥੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ-ਜਾਂਦੇ ਹਨ। ਇਸ ਲਈ ਸੜਕ ਦੀ ਮਾੜੀ ਹਾਲਤ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਬੰਟੀ ਵਾਲੀਆ ਨੇ ਕੈਬਨਿਟ ਮੰਤਰੀ, ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਦੇ ਪੂਰੇ ਮਾਰਗ ਦੀ ਜਾਂਚ ਕਰਵਾ ਕੇ ਟੋਇਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਸੜਕ ਦੀ ਪੱਕੇ ਤੌਰ ’ਤੇ ਮੁਰੰਮਤ ਕਰਵਾਈ ਜਾਵੇ, ਤਾਂ ਜੋ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ ਅਤੇ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ।