ਕਾਂਗੜ ਚੌਂਕ ’ਚ ਪੁੱਟਿਆ ਡੂੰਘਾ ਟੋਇਆ ਬਣਿਆ ਖ਼ਤਰੇ ਦੀ ਘੰਟੀ ਕਾਂਗੜ ਚੌਂਕ 'ਚ ਪੁੱਟਿਆ ਡੂੰਘਾ ਟੋਇਆ ਬਣਿਆ ਖ਼ਤਰੇ ਦੀ ਘੰਟੀ, ਕੀ ਹਾਦਸੇ ਦੀ ਉਡੀਕ 'ਚ ਗ੍ਰਾਮ ਪੰਚਾਇਤ ਨੂਰਪੁਰਬੇਦੀ
Publish Date: Sun, 29 Nov 2026 04:10 PM (IST)
Updated Date: Sun, 29 Nov 2026 04:13 PM (IST)
ਕੀ ਹਾਦਸੇ ਦੀ ਉਡੀਕ ਚ ਗ੍ਰਾਮ ਪੰਚਾਇਤ ਨੂਰਪੁਰਬੇਦੀ? ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਸਥਿਤ ਰੁਝੇਵਿਆਂ ਭਰੇ ਕਾਂਗੜ ਚੌਕ ਵਿਖੇ ਗ੍ਰਾਮ ਪੰਚਾਇਤ ਨੂਰਪੁਰਬੇਦੀ ਵੱਲੋਂ ਪਾਣੀ ਦੀ ਨਿਕਾਸੀ ਠੀਕ ਕਰਨ ਲਈ ਪੁੱਟਿਆ ਗਿਆ ਡੂੰਘਾ ਟੋਇਆ ਹੁਣ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਜਾਨਲੇਵਾ ਖ਼ਤਰਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਨਾ ਤਾਂ ਇਸ ਟੋਏ ਨੂੰ ਭਰਿਆ ਗਿਆ ਹੈ ਤੇ ਨਾ ਹੀ ਆਲੇ-ਦੁਆਲੇ ਕੋਈ ਸੁਰੱਖਿਆ ਬੈਰੀਕੇਡਿੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇੱਕ ਹਫ਼ਤਾ ਪਹਿਲਾਂ ਗ੍ਰਾਮ ਪੰਚਾਇਤ ਵੱਲੋਂ ਕਾਂਗੜ ਚੌਕ ਵਿਖੇ ਬੰਦ ਪਏ ਨਿਕਾਸੀ ਨਾਲੇ ਦੇ ਪਾਈਪ ਖੋਲ੍ਹਣ ਲਈ ਸੜਕ ਕਿਨਾਰੇ ਡੂੰਘੀ ਖੁਦਾਈ ਕੀਤੀ ਗਈ ਸੀ। ਇਸ ਖੁਦਾਈ ਦੌਰਾਨ ਪੀਣ ਵਾਲੇ ਪਾਣੀ ਦੀਆਂ ਸਪਲਾਈ ਪਾਈਪਾਂ ਵੀ ਨੁਕਸਾਨੀਆਂ ਗਈਆਂ ਸਨ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਤਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਪਾਈਪਾਂ ਦੀ ਮੁਰੰਮਤ ਕਰ ਦਿੱਤੀ, ਪਰ ਇਸ ਤੋਂ ਬਾਅਦ ਟੋਏ ਨੂੰ ਪੂਰਨ ਦੀ ਜ਼ਿੰਮੇਵਾਰੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਰਾਤ ਸਮੇਂ ਵਾਪਰ ਸਕਦੈ ਵੱਡਾ ਹਾਦਸਾ ਕਾਂਗੜ ਚੌਕ ਇਲਾਕੇ ਦਾ ਮੁੱਖ ਵਪਾਰਕ ਤੇ ਆਵਾਜਾਈ ਵਾਲਾ ਕੇਂਦਰ ਹੈ, ਜਿੱਥੋਂ ਦਿਨ-ਰਾਤ ਵੱਡੀ ਗਿਣਤੀ ’ਚ ਵਾਹਨ ਲੰਘਦੇ ਹਨ ਤੇ ਆਸ-ਪਾਸ ਦੁਕਾਨਾਂ ਹੋਣ ਕਾਰਨ ਲੋਕਾਂ ਦੀ ਭੀੜ ਰਹਿੰਦੀ ਹੈ। ਸੜਕ ਦੇ ਬਿਲਕੁਲ ਨਾਲ ਪਿਆ ਇਹ ਡੂੰਘਾ ਟੋਇਆ ਰਾਤ ਦੇ ਹਨੇਰੇ ’ਚ ਦੋਪਹੀਆ ਵਾਹਨ ਚਾਲਕਾਂ ਲਈ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਖੁੱਲ੍ਹੇ ਟੋਏ ਕਾਰਨ ਪਾਣੀ ਦੀਆਂ ਪਾਈਪਾਂ ਮੁੜ ਨੁਕਸਾਨੇ ਜਾਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ। ਸਥਾਨਕ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਇਸ ਟੋਏ ਦੇ ਆਲੇ-ਦੁਆਲੇ ਚਿਤਾਵਨੀ ਸੰਕੇਤ ਲਗਾਏ ਜਾਣ ਤੇ ਕੰਮ ਮੁਕੰਮਲ ਕਰਕੇ ਟੋਇਆ ਭਰਿਆ ਜਾਵੇ। ਨਵੇਂ ਪਾਈਪ ਆਉਣ ’ਤੇ ਭਰ ਦਿੱਤਾ ਜਾਵੇਗਾ ਟੋਇਆ : ਪੰਚ ਹਰਪ੍ਰੀਤ ਸਿੰਘ ਇਸ ਸਬੰਧੀ ਜਦੋਂ ਗ੍ਰਾਮ ਪੰਚਾਇਤ ਨੂਰਪੁਰਬੇਦੀ ਦੇ ਪੰਚ ਹਰਪ੍ਰੀਤ ਸਿੰਘ ਭੱਗਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿਕਾਸੀ ਨਾਲੇ ’ਚ ਪਿਆ ਪੁਰਾਣਾ ਪਾਈਪ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਸੀ, ਜਿਸ ਨੂੰ ਖੋਲ੍ਹਣਾ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਹੁਣ ਨਵੇਂ ਪਾਈਪ ਮੰਗਵਾਏ ਗਏ ਹਨ, ਜੋ ਦੋ-ਤਿੰਨ ਦਿਨਾਂ ’ਚ ਪਹੁੰਚ ਜਾਣਗੇ। ਨਵੇਂ ਪਾਈਪ ਪਾਉਣ ਤੋਂ ਤੁਰੰਤ ਬਾਅਦ ਇਸ ਟੋਏ ਨੂੰ ਭਰ ਦਿੱਤਾ ਜਾਵੇਗਾ।