ਸਾਹਿਬਜ਼ਾਦਾ ਜੁਝਾਰ ਸਿੰਘ ਅਕੈਡਮੀ ’ਚ ਦੋ ਰੋਜ਼ਾ ਸਾਲਾਨਾ ਖੇਡ ਸਮਾਗਮ ਸੰਪੰਨ
ਸਾਹਿਬਜ਼ਾਦਾ ਜੁਝਾਰ ਸਿੰਘ ਅਕੈਡਮੀ ਵਿਖੇ ਦੋ ਰੋਜ਼ਾ ਸਲਾਨਾ ਖੇਡ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Sun, 29 Nov 2026 05:33 PM (IST)
Updated Date: Sun, 29 Nov 2026 05:35 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ : ਧੰਨ-ਧੰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਤੇ ਧੰਨ-ਧੰਨ ਬਾਬਾ ਅਮਰ ਸਿੰਘ ਜੀ ਦੇ ਕਰ-ਕਮਲਾਂ ਨਾਲ ਸਥਾਪਿਤ ਕੀਤੀ ਗਈ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਾਹਿਬਜ਼ਾਦਾ ਜੁਝਾਰ ਸਿੰਘ ਅਕੈਡਮੀ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਸਾਲਾਨਾ ਖੇਡ ਦਿਵਸ ਪੂਰੀ ਸ਼ਾਨੋ-ਸ਼ੌਕਤ ਤੇ ਉਤਸ਼ਾਹ ਨਾਲ ਸੰਪੰਨ ਹੋਇਆ। ਸਮਾਗਮ ਦੀ ਸ਼ੁਰੂਆਤ ਅਕਾਲ ਪੁਰਖ ਦੇ ਚਰਨਾਂ ’ਚ ਅਰਦਾਸ ਕਰਕੇ ਕੀਤੀ ਗਈ, ਜਿਸ ਨਾਲ ਸਮੁੱਚਾ ਮਾਹੌਲ ਅਧਿਆਤਮਕ ਰੰਗ ’ਚ ਰੰਗਿਆ ਗਿਆ ਤੇ ਵਿਦਿਆਰਥੀਆਂ ਤੇ ਖਿਡਾਰੀਆਂ ’ਚ ਨਵਾਂ ਜੋਸ਼ ਭਰ ਗਿਆ। ਦੋ ਦਿਨ ਚੱਲੇ ਇਸ ਖੇਡ ਮਹਾਂਕੁੰਭ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਖੇਡ ਸਮਾਗਮ ’ਚ ਇਲਾਕੇ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਰਮਜੀਤ ਸਿੰਘ ਗਿੱਲ, ਗੁਰਬਖਸ਼ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ (ਰੂਪਨਗਰ) ਦੇ ਡੀ.ਪੀ.ਆਈ. ਮਨਜਿੰਦਰ ਸਿੰਘ, ਨੈਸ਼ਨਲ ਹਾਕੀ ਖਿਡਾਰੀ ਹਰਦੀਪ ਸਿੰਘ, ਹਰਬੰਸ ਸਿੰਘ, ਗੱਤਕਾ ਐਸੋਸੀਏਸ਼ਨ ਤੋਂ ਗੁਰਵਿੰਦਰ ਸਿੰਘ ਤੇ ਗੁਰਮੀਤ ਕੌਰ ਲੰਬੜਦਾਰ ਨੇ ਹਾਜ਼ਰੀ ਲਗਵਾ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।