ਸਾਈਕਲ ਯਾਤਰਾ ਸਿਆਸੀ ਪ੍ਰਚਾਰ ਦਾ ਹਿੱਸਾ : ਮੇਜਰ ਅੰਜੂ ਬਾਲਾ ਸਿੰਘ ਸਾਈਕਲ ਯਾਤਰਾ ਚੋਣਾਂ ਤੋਂ ਪਹਿਲਾਂ ਸਿਆਸੀ ਪ੍ਰਚਾਰ ਦਾ ਹਿੱਸਾ: ਮੇਜਰ ਅੰਜੂ ਬਾਲਾ ਸਿੰਘ
Publish Date: Wed, 11 Nov 2026 05:19 PM (IST)
Updated Date: Wed, 11 Nov 2026 05:21 PM (IST)
15 ਸਾਲ ਸੱਤਾ ’ਚ ਰਹਿਣ ਦੇ ਬਾਵਜੂਦ ਚੰਨੀ ਨਸ਼ਿਆਂ ਦੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰ ਸਕੇ? 2016 ਦੀ ‘ਜਵਾਨੀ ਸੰਭਾਲ ਯਾਤਰਾ’ ਦੇ ਵਾਅਦਿਆਂ ਦਾ ਹਿਸਾਬ ਦੇਣ ਚੰਨੀ; ਨੌਜਵਾਨਾਂ ਦੇ ਭਵਿੱਖ, ਰੁਜ਼ਗਾਰ ਤੇ ਸ੍ਰੀ ਚਮਕੌਰ ਸਾਹਿਬ ਦੇ ਵਿਕਾਸ ਬਾਰੇ ਵੀ ਦੇਣ ਜਵਾਬ। ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਮੇਜਰ ਅੰਜੂ ਬਾਲਾ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ 12 ਨਵੰਬਰ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾ ਰਹੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦੀ ਆਲੋਚਨਾ ਕਰਦਿਆਂ ਇਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾ ਰਿਹਾ ਸਿਆਸੀ ਪ੍ਰਚਾਰ ਕਰਾਰ ਦਿੱਤਾ। ਮੇਜਰ ਅੰਜੂ ਬਾਲਾ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਸ਼ਲਾਘਾਯੋਗ ਹੈ, ਪਰ ਪੰਜਾਬ ਦੇ ਲੋਕਾਂ ਨੂੰ ਸਿਰਫ਼ ਨਾਅਰਿਆਂ ਤੇ ਸਿਆਸੀ ਯਾਤਰਾਵਾਂ ਦੀ ਨਹੀਂ, ਸਗੋਂ ਠੋਸ ਕਾਰਵਾਈ ਤੇ ਨਤੀਜਿਆਂ ਦੀ ਲੋੜ ਹੈ। ਚੰਨੀ ਲਗਭਗ 15 ਸਾਲ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਰਹੇ ਤੇ ਮੰਤਰੀ ਤੇ ਮੁੱਖ ਮੰਤਰੀ ਵਰਗੇ ਅਹਿਮ ਅਹੁਦਿਆਂ ’ਤੇ ਵੀ ਰਹੇ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਕਿਹੜੇ ਪ੍ਰਭਾਵਸ਼ਾਲੀ ਕਦਮ ਚੁੱਕੇ? ਉਨ੍ਹਾਂ ਯਾਦ ਦਿਵਾਇਆ ਕਿ ਸਤੰਬਰ 2016 ’ਚ ਚੰਨੀ ਨੇ ਇਸੇ ਹਲਕੇ ਤੋਂ ‘ਜਵਾਨੀ ਸੰਭਾਲ ਯਾਤਰਾ’ ਸ਼ੁਰੂ ਕੀਤੀ ਸੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਵਾਅਦੇ ਕੀਤੇ ਸਨ। ਸਾਲ 2017 ਤੋਂ 2022 ਤੱਕ ਪੰਜਾਬ ’ਚ ਕਾਂਗਰਸ ਦੀ ਸਰਕਾਰ ਰਹੀ, ਪਰ ਇਸ ਦੇ ਬਾਵਜੂਦ ਨਸ਼ਿਆਂ ਦੀ ਸਮੱਸਿਆ ਗੰਭੀਰ ਚੁਣੌਤੀ ਬਣੀ ਰਹੀ। ਅੱਜ ਵੀ ਪੰਜਾਬ ਦੀ ਜਵਾਨੀ ਨਸ਼ਿਆਂ, ਬੇਰੁਜ਼ਗਾਰੀ ਤੇ ਭਵਿੱਖ ਦੀ ਅਨਿਸ਼ਚਿਤਤਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਲ 2022 ’ਚ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਹਾਰਨ ਤੋਂ ਬਾਅਦ ਚੰਨੀ ਨੇ ਜਲੰਧਰ ਦਾ ਰੁਖ ਕੀਤਾ ਤੇ 2024 ’ਚ ਉੱਥੋਂ ਲੋਕ ਸਭਾ ਚੋਣ ਲੜੀ। ਉਨ੍ਹਾਂ ਸਵਾਲ ਕੀਤਾ ਕਿ ਕੀ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਦੀ ਯਾਦ ਸਿਰਫ਼ ਚੋਣਾਂ ਦੇ ਨੇੜੇ ਹੀ ਆਉਂਦੀ ਹੈ? ਉਨ੍ਹਾਂ ਕਾਂਗਰਸ ਦੀ ਪ੍ਰਸਤਾਵਿਤ 625 ਕਿਲੋਮੀਟਰ ਲੰਬੀ, ਅੱਠ ਦਿਨਾਂ ਦੀ ਸਾਈਕਲ ਯਾਤਰਾ, ਜੋ 27 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਣੀ ਹੈ, ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਨਵੀਂ ਸਿਆਸੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਨੂੰ ਆਪਣੇ ਪਿਛਲੇ ਵਾਅਦਿਆਂ ਤੇ ਕਾਰਜਕਾਲ ਦਾ ਹਿਸਾਬ ਜਨਤਾ ਸਾਹਮਣੇ ਰੱਖਣਾ ਚਾਹੀਦਾ ਹੈ। ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਬਣਾਉਣਾ ਪਾਰਟੀ ਦਾ ਦ੍ਰਿੜ੍ਹ ਸੰਕਲਪ ਹੈ ਤੇ ਇਹ ਮੁਹਿੰਮ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੱਕ ਪਹੁੰਚਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ। ਅੰਤ ’ਚ ਮੇਜਰ ਅੰਜੂ ਬਾਲਾ ਸਿੰਘ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ ਲੋਕ ਜਾਗਰੂਕ ਹਨ ਤੇ ਹੁਣ ਸਿਰਫ਼ ਚੋਣਾਂ ਸਮੇਂ ਕੀਤੇ ਵਾਅਦਿਆਂ ਨਾਲ ਸੰਤੁਸ਼ਟ ਨਹੀਂ ਹੋਣਗੇ। ਹਰ ਸਿਆਸੀ ਆਗੂ ਨੂੰ ਆਪਣੇ ਕੰਮਾਂ ਤੇ ਫ਼ੈਸਲਿਆਂ ਦਾ ਹਿਸਾਬ ਜਨਤਾ ਨੂੰ ਦੇਣਾ ਪਵੇਗਾ। ਪੰਜਾਬ ਦੀ ਜਵਾਨੀ ਦਾ ਭਵਿੱਖ ਸਿਆਸੀ ਪ੍ਰਚਾਰ ਦਾ ਵਿਸ਼ਾ ਨਹੀਂ, ਸਗੋਂ ਹਰ ਆਗੂ ਦੀ ਜ਼ਿੰਮੇਵਾਰੀ ਹੈ। ============= ਮੇਜਰ ਅੰਜੂ ਬਾਲਾ ਸਿੰਘ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜ ਅਹਿਮ ਸਵਾਲ ਦਾ ਜਵਾਬ ਦੇਣ ਲਈ ਕਿਹਾ: 1. ਸਾਲ 2007 ਤੋਂ 2022 ਤੱਕ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਰਹਿੰਦਿਆਂ ਤੁਸੀਂ ਨਸ਼ਿਆਂ ਦੀ ਸਪਲਾਈ ਰੋਕਣ ਲਈ ਕਿਹੜੇ ਠੋਸ ਕਦਮ ਚੁੱਕੇ? 2. ਸਾਲ 2016 ’ਚ ਸ਼ੁਰੂ ਕੀਤੀ ਗਈ ‘ਜਵਾਨੀ ਸੰਭਾਲ ਯਾਤਰਾ’ ਦੌਰਾਨ ਕੀਤੇ ਵਾਅਦਿਆਂ ਦਾ ਕੀ ਬਣਿਆ? ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੌਰਾਨ ਉਨ੍ਹਾਂ ਤੇ ਕਿੰਨਾ ਅਮਲ ਹੋਇਆ? 3. ਮੁੱਖ ਮੰਤਰੀ ਰਹਿੰਦਿਆਂ ਤੁਸੀਂ ਸ੍ਰੀ ਚਮਕੌਰ ਸਾਹਿਬ ਦੇ ਨੌਜਵਾਨਾਂ ਲਈ ਕਿੰਨੇ ਨਸ਼ਾ ਛੁਡਾਊ ਕੇਂਦਰ, ਖੇਡ ਸਹੂਲਤਾਂ ਤੇ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ? 4. ਸਾਲ 2022 ਤੋਂ ਬਾਅਦ ਤੁਸੀਂ ਸ੍ਰੀ ਚਮਕੌਰ ਸਾਹਿਬ ਤੋਂ ਦੂਰੀ ਬਣਾ ਕੇ ਜਲੰਧਰ ਦਾ ਰੁਖ ਕਿਉਂ ਕੀਤਾ? ਇਸ ਹਲਕੇ ਦੇ ਵਿਕਾਸ ਲਈ ਉਸ ਤੋਂ ਬਾਅਦ ਤੁਹਾਡਾ ਕੀ ਯੋਗਦਾਨ ਰਿਹਾ? 5. ਕੀ ਇਹ ਨਵੀਂ ਯਾਤਰਾ ਨਸ਼ਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਠੋਸ ਹੱਲ ਦੇਵੇਗੀ ਜਾਂ ਇਹ ਵੀ ਸਿਰਫ਼ ਸਿਆਸੀ ਨਾਅਰਿਆਂ, ਪ੍ਰਚਾਰ ਤੇ ਤਸਵੀਰਾਂ ਤੱਕ ਹੀ ਸੀਮਤ ਰਹੇਗੀ?