ਗੰਨਾ ਕਾਸ਼ਤਕਾਰਾਂ ਲਈ ਖੁਸ਼ਖ਼ਬਰੀ : ਮਿੱਲ ਦਾ ਪਿੜਾਈ ਸੀਜ਼ਨ 4 ਦਸੰਬਰ ਤੋਂ ਸ਼ੁਰੂ ਮਿੱਲ ਦਾ ਪਿੜਾਈ ਸੀਜਨ 04 ਦਸੰਬਰ 2026 ਨੂੰ ਹੋਵੇਗਾ ਸ਼ੁਰੂ
Publish Date: Sat, 28 Nov 2026 06:01 PM (IST)
Updated Date: Sat, 28 Nov 2026 06:04 PM (IST)
ਚੇਅਰਮੈਨ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਤਾਜ਼ਾ, ਸਾਫ਼-ਸੁਥਰਾ ਤੇ ਪਰਾਲੀ ਰਹਿਤ ਗੰਨਾ ਸਪਲਾਈ ਕਰਨ ਦੀ ਅਪੀਲ ਲੀਡ: ਪੰਜਾਬੀ ਜਾਗਰਣ ਟੀਮ, ਮੋਰਿੰਡਾ : ਦੀ ਮੋਰਿੰਡਾ ਸਹਿਕਾਰੀ ਖੰਡ ਮਿੱਲਜ਼ ਲਿਮਟਿਡ, ਮੋਰਿੰਡਾ ਵੱਲੋਂ ਪਿੜਾਈ ਸੀਜ਼ਨ 2026-27 ਦੀ ਸ਼ੁਰੂਆਤ 4 ਦਸੰਬਰ 2026 ਨੂੰ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਮਿੱਲ ਦੇ ਜਨਰਲ ਮੈਨੇਜਰ ਤਰਨਵੀਰ ਸਿੰਘ, ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਵਾਈਸ ਚੇਅਰਮੈਨ ਸੁਰਿੰਦਰ ਸਿੰਘ ਚੈੜੀਆਂ ਤੇ ਬੋਰਡ ਦੇ ਸਮੂਹ ਡਾਇਰੈਕਟਰਾਂ ਵੱਲੋਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਆਉਣ ਵਾਲੇ ਪਿੜਾਈ ਸੀਜ਼ਨ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਾਲ ਗੰਨੇ ਦੇ ਭਾਅ ’ਚ ਪ੍ਰਤੀ ਕੁਇੰਟਲ 15 ਰੁਪਏ ਦਾ ਵਾਧਾ ਕਰਕੇ 431 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ, ਜਿਸ ਨਾਲ ਗੰਨਾ ਕਾਸ਼ਤਕਾਰਾਂ ਦੀ ਆਰਥਿਕ ਸਥਿਤੀ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਤੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਮਿੱਲ ਵੱਲੋਂ ਇਸ ਸਾਲ ਗੰਨਾ ਹਾਰਵੈਸਟਰ ਤੇ ਹੋਰ ਲੋੜੀਂਦੀ ਮਸ਼ੀਨਰੀ ਖ਼ਰੀਦੀ ਗਈ ਹੈ। ਚੇਅਰਮੈਨ ਸੋਹੀ ਨੇ ਇਲਾਕੇ ਦੇ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੰਡ ਰਿਕਵਰੀ ਪ੍ਰਾਪਤ ਕਰਨ ਲਈ ਮਿੱਲ ਨੂੰ ਤਾਜ਼ਾ, ਸਾਫ਼-ਸੁਥਰਾ, ਪੂਰੀ ਤਰ੍ਹਾਂ ਪਰਿਪੱਕ ਤੇ ਪਰਾਲੀ ਰਹਿਤ ਗੰਨਾ ਹੀ ਸਪਲਾਈ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੱਟਿਆ ਹੋਇਆ ਗੰਨਾ ਲੰਬੇ ਸਮੇਂ ਤੱਕ ਖੇਤਾਂ ਜਾਂ ਸੜਕਾਂ ’ਤੇ ਪਿਆ ਰਹਿਣ ਕਾਰਨ ਉਸ ਵਿਚਲੇ ਰਸ ਦੀ ਮਾਤਰਾ ਘਟ ਜਾਂਦੀ ਹੈ, ਜਿਸ ਨਾਲ ਰਿਕਵਰੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਕਟਾਈ ਮਿੱਲ ਦੀ ਲੋੜ ਅਨੁਸਾਰ ਕਰਕੇ ਗੰਨਾ ਬਿਨਾਂ ਕਿਸੇ ਦੇਰੀ ਦੇ ਮਿੱਲ ਪਹੁੰਚਾਇਆ ਜਾਵੇ ਤੇ ਇਸ ’ਚ ਮਿੱਟੀ, ਜੜ੍ਹਾਂ ਜਾਂ ਸੁੱਕੇ ਪੱਤਿਆਂ ਦੀ ਮਿਲਾਵਟ ਨਾ ਹੋਣ ਦਿੱਤੀ ਜਾਵੇ। ਪਿਛਲੇ ਸਾਲ ਮਿੱਲ 5 ਕਰੋੜ ਰੁਪਏ ਦੇ ਕਰੀਬ ਮੁਨਾਫ਼ੇ ’ਚ ਰਹੀ: ਜਸਬੀਰ ਸਿੰਘ ਗੜ੍ਹੀ ਇਸ ਦੌਰਾਨ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ‘ਆਪ’ ਆਗੂ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਉਨ੍ਹਾਂ ਦੀ ਬਣਦੀ ਪੂਰੀ ਰਕਮ ਸਮੇਂ ਸਿਰ ਅਦਾ ਕੀਤੀ ਹੈ ਤੇ ਕਿਸੇ ਵੀ ਕਿਸਾਨ ਦਾ ਕੋਈ ਬਕਾਇਆ ਬਾਕੀ ਨਹੀਂ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਮੋਰਿੰਡਾ ਖੰਡ ਮਿੱਲ ਨੇ ਲਗਭਗ 20 ਲੱਖ 92 ਹਜ਼ਾਰ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਸੀ ਤੇ ਮਿੱਲ 5 ਕਰੋੜ ਰੁਪਏ ਦੇ ਕਰੀਬ ਵਾਧੇ (ਮੁਨਾਫ਼ੇ) ’ਚ ਰਹੀ ਸੀ। ਉਨ੍ਹਾਂ ਦੱਸਿਆ ਕਿ 4 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੀਜ਼ਨ ਦੌਰਾਨ 26 ਲੱਖ ਕੁਇੰਟਲ ਤੋਂ ਵੱਧ ਗੰਨੇ ਦੀ ਪਿੜਾਈ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨੂੰ ਲੈ ਕੇ ਗੰਨਾ ਕਾਸ਼ਤਕਾਰਾਂ ’ਚ ਭਾਰੀ ਉਤਸ਼ਾਹ ਹੈ।