ਰੋਪੜ ਹੈੱਡਵਰਕਸ ਨੇੜੇ ਮਾਈਨਿੰਗ ਨੂੰ ਲੈ ਕੇ ਭਖਿਆ ਵਿਵਾਦ, ਪਹਿਲੇ ਦਿਨ ਹੀ ਕੱਢੇ 250 ਟਿੱਪਰ ਰੋਪੜ ਹੈੱਡਵਰਕਸ ਨੇੜੇ ਸਤਲੁਜ ’ਚ ਮਾਈਨਿੰਗ ਨੂੰ ਲੈ ਕੇ ਭਖਿਆ ਵਿਵਾਦ, ਪਹਿਲੇ ਦਿਨ ਹੀ ਕੱਢੇ 250 ਟਿੱਪਰ
Publish Date: Thu, 22 Oct 2026 06:16 PM (IST)
Updated Date: Thu, 22 Oct 2026 06:19 PM (IST)
ਕਿਸਾਨ ਜਥੇਬੰਦੀਆਂ ਤੇ ਸਿਆਸੀ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਚੁੱਕੇ ਸਵਾਲ ਦਰਿਆ ’ਚ ਬੰਨ੍ਹ ਮਾਰ ਕੇ ਪਾਣੀ ਦਾ ਕੁਦਰਤੀ ਵਹਾਅ ਮੋੜਨ ਦੇ ਲਾਏ ਦੋਸ਼ ਅੱਜ ਦੁਪਹਿਰ 12 ਵਜੇ ਕਿਸਾਨ ਜਥੇਬੰਦੀਆਂ ਨੇ ਅਗਲੀ ਰਣਨੀਤੀ ਲਈ ਸੱਦੀ ਮੀਟਿੰਗ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ: ਰੋਪੜ ਹੈੱਡਵਰਕਸ ਤੋਂ ਅੱਗੇ ਅਤੇ ਆਈਆਈਟੀ ਰੂਪਨਗਰ ਦੇ ਉੱਤਰ ਵਾਲੇ ਪਾਸੇ ਸਤਲੁਜ ਦਰਿਆ ’ਚ ਵੱਡੇ ਪੱਧਰ ’ਤੇ ਸ਼ੁਰੂ ਹੋਈ ਮਾਈਨਿੰਗ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਅਨੁਸਾਰ, ਬੀਤੇ ਬੁੱਧਵਾਰ ਨੂੰ ਸ਼ੁਰੂ ਕੀਤੀ ਗਈ ਮਾਈਨਿੰਗ ਦੇ ਪਹਿਲੇ ਹੀ ਦਿਨ ਕਰੀਬ 250 ਟਿੱਪਰ ਰੇਤ ਕੱਢ ਕੇ ਲਿਜਾਈ ਗਈ। ਗਿਆਸਪੁਰਾ, ਹਵੇਲੀ, ਫੂਲ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਅਗਵਾਈ ਹੇਠ ਇਸ ਕਾਰਵਾਈ ਦਾ ਵਿਰੋਧ ਕੀਤਾ। ਇਸ ਦੌਰਾਨ ਪੰਜਾਬ ਸਾਂਝੀਵਾਲਤਾ ਦਲ ਦੇ ਰੂਪਨਗਰ ਤੋਂ ਹਲਕਾ ਉਮੀਦਵਾਰ ਗੌਰਵ ਰਾਣਾ ਵੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ। ਕਿਸਾਨ ਆਗੂਆਂ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਰਿਆ ’ਚ ਵੱਡੀ ਗਿਣਤੀ ’ਚ ਲੱਗੀਆਂ ਪੋਕਲੇਨ ਤੇ ਜੇਸੀਬੀ ਮਸ਼ੀਨਾਂ, ਰੇਤ ਨਾਲ ਲੱਦੇ ਟਿੱਪਰਾਂ ਅਤੇ ਦਰਿਆ ’ਚ ਬੰਨ੍ਹ ਬਣਾ ਕੇ ਪਾਣੀ ਦੇ ਕੁਦਰਤੀ ਵਹਾਅ ਨੂੰ ਦੂਜੇ ਪਾਸੇ ਮੋੜਨ ਦੇ ਮਾਮਲੇ ’ਤੇ ਗੰਭੀਰ ਸਵਾਲ ਉਠਾਏ। ਉਨ੍ਹਾਂ ਨੇ ਮਾਈਨਿੰਗ ਸਬੰਧੀ ਸਾਈਟ ਪਲਾਨ, ਮਨਜ਼ੂਰੀਆਂ ਅਤੇ ਰੇਤ ਦੀ ਢੋਆ-ਢੁਆਈ ਲਈ ਨਿਰਧਾਰਤ ਰਸਤੇ ਬਾਰੇ ਪ੍ਰਸ਼ਾਸਨ ਤੋਂ ਸਪੱਸ਼ਟ ਜਾਣਕਾਰੀ ਮੰਗੀ। ਮਾਈਨਿੰਗ ਸਬੰਧੀ ਦਫ਼ਤਰ ’ਤੇ ਪੰਜਾਬ ਪੁਲਿਸ ਦਾ ਸਟੀਕਰ ਲੱਗਿਆ ਹੋਣ ’ਤੇ ਵੀ ਆਗੂਆਂ ਨੇ ਸਵਾਲ ਖੜ੍ਹੇ ਕੀਤੇ। ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ, ਮੀਤ ਪ੍ਰਧਾਨ ਕਰਨਵੀਰ ਸਿੰਘ, ਪੰਜਾਬ ਸਾਂਝੀਵਾਲਤਾ ਦਲ ਦੇ ਹਲਕਾ ਰੋਪੜ ਤੋਂ ਆਗੂ ਗੌਰਵ ਰਾਣਾ ਸਮੇਤ ਬਚਿੱਤਰ ਸਿੰਘ ਜਟਾਣਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਮਾਈਨਿੰਗ ਦੇ ਮਾਮਲੇ ’ਚ ਲੋਕਾਂ ਨੂੰ ਭਰੋਸੇ ’ਚ ਲਏ ਬਿਨਾਂ ਕੰਮ ਸ਼ੁਰੂ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਆਗੂਆਂ ਨੇ ਕਿਹਾ ਕਿ ਭਾਵੇਂ ਮਾਈਨਿੰਗ ਵਾਲਾ ਸਥਾਨ ਨਵਾਂਸ਼ਹਿਰ ਜ਼ਿਲ੍ਹੇ ਦੇ ਬਲਾਚੌਰ ਇਲਾਕੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਪਰ ਉੱਥੋਂ ਨਿਕਲਣ ਵਾਲੇ ਟਿੱਪਰ ਰੂਪਨਗਰ ਬਾਈਪਾਸ ਅਤੇ ਕੌਮੀ ਮਾਰਗ ਰਾਹੀਂ ਲੰਘਦੇ ਹਨ। ਇਸ ਲਈ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਵੀਰਵਾਰ ਦੁਪਹਿਰ 12 ਵਜੇ ਹੰਗਾਮੀ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਜਿਨਾਂ ’ਚ ਜੁਝਾਰ ਸਿੰਘ, ਗੁਰਦੀਪ ਸਿੰਘ, ਮੋੜ ਸਿੰਘ, ਸੁਰਿੰਦਰ ਸਿੰਘ ਛਿੰਦਾ, ਮੁਖਤਿਆਰ ਸਿੰਘ, ਸੋਦਾਗਰ ਸਿੰਘ, ਦੀਦਾਰ ਸਿੰਘ, ਰੁਪਿੰਦਰ ਪਾਲ ਸਿੰਘ, ਸੂਬੇਦਾਰ ਰੋਸ਼ਨ ਲਾਲ, ਹਰਪ੍ਰੀਤ ਸਿੰਘ, ਬਲਵੀਰ ਖਾਨ ਤੇ ਕਾਫੀ ਸੰਖਿਆ ’ਚ ਇਲਾਕਾ ਵਾਸੀ ਤੇ ਕਿਸਾਨ ਆਗੂ ਮੌਜੂਦ ਸਨ। =========== ਅਧਿਕਾਰੀਆਂ ਨੂੰ ਵਾਰ-ਵਾਰ ਫੋਨ, ਫਿਰ ਵੀ ਕੋਈ ਨਹੀਂ ਪੁੱਜਾ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੌਕੇ ’ਤੇ ਮਾਈਨਿੰਗ ਵਿਭਾਗ ਦੇ ਐਸਡੀਓ, ਜੇਈ ਅਤੇ ਪੁਲਿਸ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕਰਕੇ ਬੁਲਾਇਆ ਗਿਆ, ਪਰ ਕੋਈ ਵੀ ਮੌਕੇ ’ਤੇ ਨਹੀਂ ਪਹੁੰਚਿਆ। ਉਨ੍ਹਾਂ ਮੁਤਾਬਕ, ਅਧਿਕਾਰੀ ਇੱਕ-ਦੂਜੇ ਦਾ ਖੇਤਰ ਦੱਸ ਕੇ ਜ਼ਿੰਮੇਵਾਰੀ ਤੋਂ ਪਾਸਾ ਵੱਟਦੇ ਰਹੇ। ਜਦ ਕਿ ਮੌਕੇ ਤੇ ਸਿਰਫ ਬੇਲਾ ਪੁਲਿਸ ਚੌਂਕੀ ਇੰਚਾਰਜ ਏ ਐਸਆਈ ਸੁਰਿੰਦਰ ਸਿੰਘ ਆਪਣੀ ਟੀਮ ਦੇ ਨਾਲ ਪਹੁੰਚ ਕੇ ਆਪਣੀ ਹੱਦਬੰਦੀ ਏਰੀਆ ਦੇ ’ਚ ਡਟੇ ਰਹੇ।