ਸ਼ੋਅਰੂਮਾਂ ਦੀ ਆਨਲਾਈਨ ਅਲਾਟਮੈਂਟ ਵਾਲਾ ਵਿਵਾਦਤ ਮਤਾ ਰੱਦ ਸ਼ੋਅਰੂਮਾਂ ਦੀ ਆਨਲਾਈਨ ਅਲਾਟਮੈਂਟ ਵਾਲਾ ਵਿਵਾਦਤ ਮਤਾ ਰੱਦ
Publish Date: Tue, 25 Aug 2026 04:48 PM (IST)
Updated Date: Tue, 25 Aug 2026 04:49 PM (IST)
ਸ਼ਹਿਰ ਦੇ 87.71 ਲੱਖ ਦੇ ਵਿਕਾਸ ਕਾਰਜਾਂ ਨੂੰ ਮਿਲੀ ਹਰੀ ਝੰਡੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੀ ਨਵੀਂ ਕੌਂਸਲ ਦੀ ਪਹਿਲੀ ਅਹਿਮ ਮੀਟਿੰਗ ਪ੍ਰਧਾਨ ਵਿਸ਼ਾਲ ਕੱਸ਼ਯਪ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਪਿਛਲੀ ਟਰਮ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਵਾਲੇ 35 ਸ਼ੋਅਰੂਮਾਂ ਦੀ ਆਨਲਾਈਨ ਅਲਾਟਮੈਂਟ ਨਾਲ ਜੁੜੇ ਵਿਵਾਦਤ ਮਤਾ ਨੰਬਰ-191 ਨੂੰ ਰੱਦ ਕਰਨ ਦਾ ਫੈਸਲਾ ਮੀਟਿੰਗ ਵਿਚ ਹਾਜ਼ਰ ਸਮੂਹ ਕੌਂਸਲਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਦੀ ਪੁਸ਼ਟੀ ਕੌਂਸਲ ਦੇ ਈਓ ਗੁਰਬਖਸ਼ੀਸ਼ ਸਿੰਘ ਨੇ ਵੀ ਕੀਤੀ। ਇਸ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਕ੍ਰਿਪਾਲ ਸਿੰਘ ਗਿੱਲ ਨੇ ਪਿਛਲੀ ਟਰਮ ਦੇ ਪ੍ਰਧਾਨ ਦੇ ਕਾਰਜਕਾਲ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਅਰੋਪ ਲਗਾਏ ਕਿ ਮਤਾ ਨੰਬਰ-191 ਬਿਨ੍ਹਾਂ ਕੌਂਸਲਰਾਂ ਦੀ ਸਹਿਮਤੀ ਦੇ ਜ਼ਬਰਦਸਤੀ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰੋਸੀਡਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਦਸਤਖਤ ਕਰਵਾ ਲਏ ਗਏ ਸਨ, ਜਦੋਂ ਕਿ ਉਨ੍ਹਾਂ ਨੇ ਸ਼ੋਅਰੂਮਾਂ ਦੀ ਆਨਲਾਈਨ ਅਲਾਟਮੈਂਟ ਸਬੰਧੀ ਕੋਈ ਸਹਿਮਤੀ ਨਹੀਂ ਦਿੱਤੀ ਸੀ। ਇਸ ਮੌਕੇ ਸ਼ੋਅਰੂਮਾਂ ਵਾਲੀ ਥਾਂ ’ਤੇ ਮੌਜੂਦਾ ਪ੍ਰਧਾਨ ਅਤੇ ਈਓ ਦੀ ਮਨਜ਼ੂਰੀ ਤੋਂ ਬਿਨ੍ਹਾਂ ਜੇਸੀਬੀ ਮੰਗਵਾ ਕੇ ਕੰਮ ਸ਼ੁਰੂ ਕਰਵਾਉਣ ਦਾ ਮਾਮਲਾ ਵੀ ਭਖ ਗਿਆ। ਕੌਂਸਲਰਾਂ ਨੇ ਇਸ ਕਾਰਵਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਵਿਅਕਤੀਆਂ ਖ਼ਿਲਾਫ਼ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਹੋਣ ਵਾਲੇ 87.71 ਲੱਖ ਰੁਪਏ ਦੇ ਵਿਕਾਸ ਕੰਮਾਂ ਨੂੰ ਵੀ ਸਰਬਸੰਮਤੀ ਨਾਲ ਹਰੀ ਝੰਡੀ ਦੇ ਦਿੱਤੀ ਗਈ। ਇਸ ਦੌਰਾਨ ਵਿਰੋਧੀ ਧਿਰ ਸਮੇਤ ਸਮੂਹ ਕੌਂਸਲਰਾਂ ਨੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਦੇ ਮਤੇ ’ਤੇ ਸਹਿਮਤੀ ਪ੍ਰਗਟਾਈ। ਕੌਂਸਲ ਪ੍ਰਧਾਨ ਨੇ ਦੱਸਿਆ ਕਿ ਵਾਰਡ ਨੰਬਰ-7 ਪਿਆਰੇ ਚੌਧਰੀ ਦੇ ਘਰ ਤੋਂ ਬਿੱਟੂ ਦਿੱਲੀ ਵਾਲੇ ਅਤੇ ਅਜਮੇਰ ਸਿੰਘ ਦੇ ਘਰ ਹੁੰਦੇ ਹੋਏ ਧਰਮਸ਼ਾਲਾ ਤੱਕ ਰੇਨ ਵਾਟਰ ਪਾਈਪ ਲਾਈਨ ਪਾਉਣ ਲਈ 57.48 ਲੱਖ ਰੁਪਏ, ਵਾਰਡ ਨੰਬਰ-13 ਵਿਚ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਬੁੱਢੇ ਨਾਲੇ ਤੱਕ ਬਰਸਾਤੀ ਪਾਈਪ ਲਾਈਨ ਅਤੇ ਐੱਸਸੀ ਤੇ ਜਨਰਲ ਧਰਮਸ਼ਾਲਾ ਦੀ ਮੁਰੰਮਤ ਲਈ 19.92 ਲੱਖ ਰੁਪਏ, ਵਾਰਡ ਨੰਬਰ-1 ਵਿਚ ਪਿਆਰੇ ਚੌਧਰੀ ਤੋਂ ਮਸਜਿਦ ਤੱਕ ਰੇਨ ਵਾਟਰ ਪਾਈਪ ਲਾਈਨ ਲਈ 7.06 ਲੱਖ ਰੁਪਏ ਅਤੇ ਵਾਰਡ ਨੰਬਰ-9 ਵਿਚ ਵਿਕਾਸ ਗਾਰਡਨ ਵਿਚ ਐੱਮਪੀ ਲੈਡ ਕੋਟੇ ਤਹਿਤ 3.25 ਲੱਖ ਰੁਪਏ ਦੀ ਲਾਗਤ ਨਾਲ ਜਿਮ ਦੀ ਸਥਾਪਨਾ ਕੀਤੀ ਜਾਵੇਗੀ। ਇਸ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿਚ ਇੱਕ ਪਾਸੇ 35 ਸ਼ੋਅਰੂਮਾਂ ਦੀ ਆਨਲਾਈਨ ਅਲਾਟਮੈਂਟ ਨਾਲ ਜੁੜੇ ਵਿਵਾਦਤ ਮਤੇ ਨੂੰ ਰੱਦ ਕੀਤਾ ਗਿਆ, ਉੱਥੇ ਦੂਜੇ ਪਾਸੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿਕਾਸ ਕੰਮਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਮਿਲਣ ਨਾਲ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਹੋਣ ਦੀ ਉਮੀਦ ਜਾਗੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਚਹਿਲ ਸਿੰਘ ਭੰਗ, ਕੌਂਸਲਰ ਵਰਿੰਦਰ ਕੁਮਾਰ ਵਿੱਕੀ, ਰੀਟਾ ਕੱਸ਼ਅਪ, ਸੰਦੀਪ ਕੌਰ, ਹਰਵਿੰਦਰ ਕੌਰ, ਪਵਨ ਕੌਰ ਅਤੇ ਕੌਂਸਲਰ ਸਤਵਿੰਦਰ ਕੌਰ ਆਦਿ ਹਾਜ਼ਰ ਸਨ।